ਸਰੀ, ਬੀ.ਸੀ. – ਸਰੀ ਦੇ ਸਾਬਕਾ ਮੇਅਰ Doug McCallum ਡੱਗ ਮੈਕਕਾਲਮ ਨੇ ਸਾਬਕਾ ਸਰੀ ਪੁਲਿਸ ਮੁਖੀ Norm Lipinski ਨਾਰਮ ਲਿਪਿੰਸਕੀ ਦੀ ਬਰਖਾਸਤਗੀ ਅਤੇ ਉਸ ਤੋਂ ਬਾਅਦ ਸਰੀ ਪੁਲਿਸ ਬੋਰਡ ਦੇ ਦੋ ਮੈਂਬਰਾਂ ਦੇ ਅਸਤੀਫ਼ਿਆਂ ਨੂੰ ਲੈ ਕੇ ਤੁਰੰਤ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ।
ਮੈਕਕਾਲਮ ਦੀ ਇਹ ਮੰਗ ਸਾਬਕਾ ਪੁਲਿਸ ਬੋਰਡ ਚੇਅਰਮੈਨ Harley Chappell ਹਾਰਲੇ ਚੈਪਲ ਦੇ ਜਨਤਕ ਬਿਆਨਾਂ ਤੋਂ ਬਾਅਦ ਸਾਹਮਣੇ ਆਈ ਹੈ। ਚੈਪਲ ਨੇ ਦੋਸ਼ ਲਗਾਇਆ ਸੀ ਕਿ ਬੋਰਡ ਦੀਆਂ ਕਾਰਵਾਈਆਂ ਬ੍ਰਿਟਿਸ਼ ਕੋਲੰਬੀਆ ਦੇ ਪੁਲਿਸ ਐਕਟ ਦੀ ਉਲੰਘਣਾ ਕਰਦੀਆਂ ਸਨ ਅਤੇ ਉਨ੍ਹਾਂ ‘ਤੇ ਰਾਜਨੀਤਿਕ ਦਬਾਅ ਦਾ ਅਸਰ ਸੀ। ਚੈਪਲ ਨੇ ਇਹ ਕਹਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇੱਕ ਵਿਸ਼ੇਸ਼ ਬੋਰਡ ਮੀਟਿੰਗ ਦੌਰਾਨ ਲਿਪਿੰਸਕੀ ਦੇ ਭਵਿੱਖ ਬਾਰੇ ਚਰਚਾ ਹੋਣੀ ਹੈ, ਜਿਸ ਮੀਟਿੰਗ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਬੋਰਡ ਦੇ ਇੱਕ ਹੋਰ ਮੈਂਬਰ James Carwana ਜੇਮਜ਼ ਕਾਰਵਾਨਾ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਪੁਲਿਸ ਮੁਖੀ ਦੀ ਬਰਖਾਸਤਗੀ ਦੇ ਵਿਰੁੱਧ ਵੋਟ ਪਾਈ ਸੀ, ਨੇ ਵੀ ਕੁਝ ਦਿਨਾਂ ਬਾਅਦ ਅਸਤੀਫ਼ਾ ਦੇ ਦਿੱਤਾ।
ਮੈਕਕਾਲਮ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਪ੍ਰਸ਼ਾਸਨਿਕ ਜਾਂ ਗਵਰਨੈਂਸ ਵਿਵਾਦ ਨਹੀਂ, ਸਗੋਂ ਇੱਕ ਸੰਭਾਵਿਤ ਅਪਰਾਧਿਕ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸਰੀ ਤੋਂ ਬਾਹਰ ਦੀ ਕਿਸੇ ਵੱਡੀ ਪੁਲਿਸ ਏਜੰਸੀ ਵੱਲੋਂ ਕੀਤੀ ਜਾਵੇ ਅਤੇ ਇਸ ਵਿੱਚ ਆਰਸੀਐਮਪੀ ਨੂੰ ਸ਼ਾਮਲ ਨਾ ਕੀਤਾ ਜਾਵੇ।
ਉਨ੍ਹਾਂ ਦਾ ਦਲੀਲ ਹੈ ਕਿ ਮੌਜੂਦਾ ਪੁਲਿਸ ਬੋਰਡ ਚੇਅਰਮੈਨ Rob Stutt ਰੌਬ ਸਟੱਟ ਸਰੀ ਆਰਸੀਐਮਪੀ ਦੇ ਸਾਬਕਾ ਅਧਿਕਾਰੀ ਰਹੇ ਹਨ ਅਤੇ ਮੇਅਰ Brenda Locke ਬ੍ਰੈਂਡਾ ਲੌਕ ਦੀ ਸਰੀ ਕਨੈਕਟ ਟੀਮ ਨਾਲ ਜੁੜੇ ਹੋਏ ਹਨ, ਜਿਸ ਕਾਰਨ ਆਰਸੀਐਮਪੀ ਦੀ ਜਾਂਚ ਵਿੱਚ ਹਿਤਾਂ ਦੇ ਟਕਰਾਅ ਦੀ ਧਾਰਣਾ ਬਣ ਸਕਦੀ ਹੈ।
ਮੈਕਕਾਲਮ ਨੇ ਕਿਹਾ, “ਸਰੀ ਦੇ ਆਪਣੇ ਪੁਲਿਸ ਬੋਰਡ ਦੇ ਚੇਅਰਮੈਨ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਹੋਈ ਹੈ। ਜੇ ਕਾਨੂੰਨ ਟੁੱਟਿਆ ਹੈ ਤਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਦੋਸ਼ ਤੈਅ ਹੋਣੇ ਚਾਹੀਦੇ ਹਨ। ਇਸ ਸ਼ਹਿਰ ਵਿੱਚ ਕੋਈ ਵੀ ਪੁਲਿਸ ਐਕਟ ਤੋਂ ਉੱਪਰ ਨਹੀਂ ਹੈ।”
ਉਨ੍ਹਾਂ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਇਹ ਵੀ ਪੜਤਾਲ ਕਰਨੀ ਚਾਹੀਦੀ ਹੈ ਕਿ ਕੀ ਬੋਰਡ ਮੈਂਬਰਾਂ ਨੇ ਮੇਅਰ ਦੇ ਦਫ਼ਤਰ ਨਾਲ ਮਿਲ ਕੇ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾਈ, ਕੀ ਨਿਰਧਾਰਿਤ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਕੀ ਪੁਲਿਸ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਹੋਈ।
ਸਰੀ ਪੁਲਿਸ ਸਰਵਿਸ ਦੀ ਸਥਾਪਨਾ ਕਰਨ ਵਾਲੇ ਮੈਕਕਾਲਮ ਨੇ ਕਿਹਾ ਕਿ ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸਰੀ ਵਿੱਚ ਗੈਂਗ ਹਿੰਸਾ ਅਤੇ ਜਬਰਨ ਵਸੂਲੀ ਨਾਲ ਜੁੜੇ ਅਪਰਾਧਾਂ ਨੂੰ ਲੈ ਕੇ ਪਹਿਲਾਂ ਹੀ ਚਿੰਤਾਵਾਂ ਮੌਜੂਦ ਹਨ।
ਉਨ੍ਹਾਂ ਨੇ ਕਿਹਾ, “ਸਰੀ ਦੇ ਪਰਿਵਾਰ ਜਬਰਨ ਵਸੂਲੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਜਿਨ੍ਹਾਂ ਲੋਕਾਂ ‘ਤੇ ਉਹ ਆਪਣੀ ਸੁਰੱਖਿਆ ਲਈ ਭਰੋਸਾ ਕਰਦੇ ਹਨ, ਉਹ ਰਾਜਨੀਤੀ ਕਾਰਨ ਅਸਥਿਰਤਾ ਦਾ ਸ਼ਿਕਾਰ ਹੋ ਗਏ ਹਨ। ਸਰੀ ਦੇ ਲੋਕਾਂ ਨੂੰ ਸੱਚਾਈ ਜਾਣਨ ਦਾ ਹੱਕ ਹੈ ਅਤੇ ਉਹ ਵੀ ਜਲਦੀ।” :::




