ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਦਿੱਲੀ, ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਪਣੇ ਪਰਿਵਾਰਾਂ ਸਮੇਤ ਹਿਮਾਚਲ ਪ੍ਰਦੇਸ਼ ਦਾ ਰੁਖ ਕਰ ਰਹੇ ਹਨ। ਇਸ ਕਾਰਨ ਸ਼ਿਮਲਾ ਵਿੱਚ ਸੈਲਾਨੀਆਂ ਦੀ ਭਾਰੀ ਆਮਦ ਦਰਜ ਕੀਤੀ ਗਈ ਹੈ। ਪਹਿਲੀ ਮਈ ਤੋਂ 15 ਜੂਨ ਤੱਕ ਦੇ 45 ਦਿਨਾਂ ਦੌਰਾਨ ਲਗਭਗ 15 ਲੱਖ ਵਾਹਨ ਸ਼ਹਿਰ ਵਿੱਚ ਦਾਖਲ ਹੋਏ ਹਨ, ਜਿਸ ਨਾਲ ਕਈ ਸੜਕਾਂ ‘ਤੇ ਟਰੈਫਿਕ ਦਾ ਦਬਾਅ ਵਧ ਗਿਆ ਹੈ।
ਹੋਟਲ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਅਨੁਸਾਰ ਆਮ ਦਿਨਾਂ ਵਿੱਚ ਸੈਲਾਨੀਆਂ ਦੀ ਗਿਣਤੀ 60 ਤੋਂ 70 ਫੀਸਦੀ ਤੱਕ ਪਹੁੰਚ ਰਹੀ ਹੈ, ਜਦਕਿ ਵੀਕੈਂਡ ਦੌਰਾਨ ਇਹ ਅੰਕੜਾ 80 ਤੋਂ 90 ਫੀਸਦੀ ਤੱਕ ਚਲਾ ਜਾਂਦਾ ਹੈ। ਵਧਦੀ ਭੀੜ ਨੂੰ ਦੇਖਦੇ ਹੋਏ ਸ਼ਿਮਲਾ ਪੁਲੀਸ ਨੇ ਟਰੈਫਿਕ ਪ੍ਰਬੰਧਨ ਲਈ ਵਿਸ਼ੇਸ਼ ਪੰਜ-ਨੁਕਾਤੀ ਯੋਜਨਾ ਲਾਗੂ ਕੀਤੀ ਹੈ।
ਸ਼ਿਮਲਾ ਦੇ ਐੱਸ.ਪੀ. ਗੌਰਵ ਸਿੰਘ ਮੁਤਾਬਕ ਸ਼ਹਿਰ ਨੂੰ ਪੰਜ ਸੈਕਟਰਾਂ ਵਿੱਚ ਵੰਡ ਕੇ ਹਰੇਕ ਦੀ ਜ਼ਿੰਮੇਵਾਰੀ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ 210 ਵਾਧੂ ਪੁਲੀਸ ਕਰਮਚਾਰੀ, ਹੋਮ ਗਾਰਡ ਅਤੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।
ਟਰੈਫਿਕ ਸਮੱਸਿਆਵਾਂ ਨਾਲ ਤੁਰੰਤ ਨਜਿੱਠਣ ਲਈ ਮੋਟਰਸਾਈਕਲ ਸਵਾਰ ਪੁਲੀਸ ਟੀਮਾਂ ਦੀ ਗਿਣਤੀ 32 ਕਰ ਦਿੱਤੀ ਗਈ ਹੈ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖਣ ਲਈ ਇੰਟਰਸੈਪਟਰ ਵਾਹਨ ਵੀ ਲਗਾਏ ਗਏ ਹਨ। ਮੁੱਖ ਪਾਰਕਿੰਗ ਸਥਾਨਾਂ ‘ਤੇ ਵਾਧੂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਜਾਮ ਦੀ ਸਥਿਤੀ ਨਾ ਬਣੇ।
ਪੁਲੀਸ ਅਨੁਸਾਰ ਕਾਰਟ ਰੋਡ ‘ਤੇ ਭਾਰੀ ਵਾਹਨਾਂ ਦੇ ਖਰਾਬ ਹੋਣ ਅਤੇ ਪ੍ਰਾਈਵੇਟ ਬੱਸਾਂ ਦੇ ਗਲਤ ਥਾਵਾਂ ‘ਤੇ ਰੁਕਣ ਕਾਰਨ ਟਰੈਫਿਕ ਪ੍ਰਭਾਵਿਤ ਹੁੰਦੀ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਥਾਵਾਂ ‘ਤੇ ਤਿੰਨ ਕ੍ਰੇਨਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਖਰਾਬ ਵਾਹਨਾਂ ਨੂੰ ਤੁਰੰਤ ਹਟਾਇਆ ਜਾ ਸਕੇ।
ਕੁਫ਼ਰੀ, ਨਾਰਕੰਡਾ, ਥਿਓਗ ਅਤੇ ਕਿੰਨੌਰ ਜਾਣ ਵਾਲੇ ਸੈਲਾਨੀਆਂ ਨੂੰ ਸ਼ਹਿਰ ਦੇ ਅੰਦਰੋਂ ਲੰਘਣ ਦੀ ਬਜਾਏ ਸ਼ੋਗੀ-ਮੇਹਲੀ ਬਾਈਪਾਸ ਰਸਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਕਾਰਨ ਹਰ ਰੋਜ਼ ਕਰੀਬ 800 ਵਾਹਨ ਬਾਈਪਾਸ ਰਾਹੀਂ ਲੰਘ ਰਹੇ ਹਨ, ਜਿਸ ਨਾਲ ਸ਼ਹਿਰ ਅੰਦਰ ਟਰੈਫਿਕ ਦਾ ਦਬਾਅ ਘਟਿਆ ਹੈ।
ਸ਼ਿਮਲਾ ਪੁਲੀਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਐੱਸ.ਪੀ. ਗੌਰਵ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਗਰਮੀਆਂ ਦੇ ਸੀਜ਼ਨ ਦੌਰਾਨ ਸ਼ਹਿਰ ਵਿੱਚ ਕੋਈ ਵੱਡਾ ਟਰੈਫਿਕ ਜਾਮ ਨਹੀਂ ਲੱਗਿਆ, ਜਦਕਿ ਪਿਛਲੇ ਸਾਲ ਕਈ ਇਲਾਕਿਆਂ ਵਿੱਚ ਲੰਬੇ ਜਾਮ ਦੇਖਣ ਨੂੰ ਮਿਲੇ ਸਨ।
ਪੁਲੀਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਿਤ ਥਾਵਾਂ ‘ਤੇ ਪਾਰਕਿੰਗ ਕਰਨ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।








