
ਕੈਲਗਰੀ, 11 ਜੂਨ (ਹਰਚਰਨ ਪਰਹਾਰ) ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 15ਵਾਂ ਸੋਹਣ ਮਾਨ ਯਾਦਗਾਰੀ ਸਮਾਗਮ ਅਤੇ ਨਾਟਕ ਮੇਲਾ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਾਲ ਦਾ ਸਮਾਗਮ ਬੱਬਰ ਅਕਾਲੀ ਲਹਿਰ ਦੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ, ਜਿਨ੍ਹਾਂ ਨੇ ਇੱਕ ਸਦੀ ਪਹਿਲਾਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਦੇਸ਼ ਅਤੇ ਕੌਮ ਲਈ ਸ਼ਹਾਦਤਾਂ ਦਿੱਤੀਆਂ ਸਨ।
ਸਮਾਗਮ ਦੀ ਸ਼ੁਰੂਆਤ ਸੋਹਣ ਮਾਨ, ਸਵਰਨ ਭੰਗੂ, ਹਰਬਖ਼ਸ਼ ਸਰੋਆ ਅਤੇ ਵਿਦਿਆ ਭੈਣ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਕੀਤੀ ਗਈ। ਰੈੱਡ ਐਫ. ਰੇਡੀਓ ਦੇ ਹੋਸਟ ਰਿਸ਼ੀ ਨਾਗਰ ਨੇ ਸ਼ੁਰੂਆਤੀ ਸੰਬੋਧਨ ਦੌਰਾਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸੱਭਿਆਚਾਰਕ ਅਤੇ ਸਮਾਜਿਕ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਪ੍ਰੋਗਰੈਸਿਵ ਕਲਾ ਮੰਚ ਦੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਕੋਰੀਓਗ੍ਰਾਫੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। “ਅੰਮੜੀ ਦਾ ਕੱਤਿਆ ਸਾਂਭੀ ਸੂਟ ਮੇਰੀਏ ਦਾਨੀਏ ਧੀਏ” ਅਤੇ “ਬਾਬਲਾ ਪੁਆਦੇ ਬੇੜੀਆਂ” ਵਰਗੀਆਂ ਪੇਸ਼ਕਾਰੀਆਂ ਨੇ ਹਾਲ ਵਿੱਚ ਮੌਜੂਦ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ।
ਨਾਟਕ ਮੇਲੇ ਦੀ ਸ਼ੁਰੂਆਤ ਗੁਰਸ਼ਰਨ ਸਿੰਘ ਦੀ ਰਚਨਾ “ਚਾਂਦਨੀ ਚੌਂਕ ਤੋਂ ਸਰਹਿੰਦ ਤੱਕ” ਨਾਲ ਹੋਈ, ਜਿਸ ਦਾ ਨਿਰਦੇਸ਼ਨ ਹਰਕੇਸ਼ ਚੌਧਰੀ ਨੇ ਕੀਤਾ। ਨਾਟਕ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਅਡੋਲਤਾ ਅਤੇ ਜ਼ੁਲਮ ਵਿਰੁੱਧ ਸੰਘਰਸ਼ ਦੇ ਇਤਿਹਾਸਕ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਨਾਟਕ ਦਾ ਕੇਂਦਰੀ ਸੰਦੇਸ਼ ਸੀ ਕਿ ਜੇਕਰ ਕੋਈ ਵਿਅਕਤੀ ਜ਼ੁਲਮ ਨੂੰ ਸਿਰਫ਼ ਤਮਾਸ਼ਬੀਨ ਬਣ ਕੇ ਵੇਖਦਾ ਹੈ ਤਾਂ ਉਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੁਕਾਉਣੀ ਪੈਂਦੀ ਹੈ। ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਨਮਾਨਿਤ ਕੀਤਾ।
ਨਾਟਕ ਵਿੱਚ ਜਸਵਿੰਦਰ ਕੌਰ ਜੱਸ, ਕਮਲ ਸਿੱਧੂ, ਅੰਮ੍ਰਿਤਪਾਲ, ਬੋਬੀ ਢਿੱਲੋਂ, ਨਵਕਿਰਨ ਢੁੱਡੀਕੇ, ਅਮਰਜੀਤ ਗਿੱਲ, ਦਿਲਪ੍ਰੀਤ ਸਿੰਘ, ਸੰਦੀਪ ਗਿੱਲ, ਹਰਕੀਰਤ ਧਾਲੀਵਾਲ, ਜਸਕਰਨ ਪੁਰਬਾ, ਸਫ਼ਲ ਮਾਲਵਾ, ਹਰਪ੍ਰੀਤ ਕੌਰ, ਗੁਨੀਵ ਕੌਰ ਅਤੇ ਸਿਦਕ ਸਮੇਤ ਕਈ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਈਆਂ। ਮਿਊਜ਼ਿਕ, ਲਾਈਟਿੰਗ, ਮੇਕਅੱਪ ਅਤੇ ਸੈੱਟ ਡਿਜ਼ਾਇਨ ਵਿੱਚ ਵੀ ਟੀਮ ਵੱਲੋਂ ਸ਼ਾਨਦਾਰ ਯੋਗਦਾਨ ਦਿੱਤਾ ਗਿਆ।
ਇਸ ਮੌਕੇ ਹਰਕੇਸ਼ ਚੌਧਰੀ ਨੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਗੁਰਸ਼ਰਨ ਕਲਾ ਭਵਨ, ਮੁੱਲਾਂਪੁਰ ਵਿਖੇ ਸਹਿਯੋਗ ਦੇਣ ਵਾਲੇ ਰਿਸ਼ੀ ਨਾਗਰ, ਹਰਚਰਨ ਪਰਹਾਰ ਅਤੇ ਹਰਬਖ਼ਸ਼ ਸਰੋਆ ਪਰਿਵਾਰ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਲੇਖਕ ਜਸਵੰਤ ਜਗਾਇਤ ਦੀ ਪੁਸਤਕ “ਹਵਾ ਵਿੱਚ ਲਟਕਦੇ ਲੋਕ” ਵੀ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਸਮਾਰੋਹ ਵਿੱਚ ਮਾਸਟਰ ਭਜਨ ਸਿੰਘ, ਹਰਚਰਨ ਪਰਹਾਰ, ਰਿਸ਼ੀ ਨਾਗਰ, ਬਲਜਿੰਦਰ ਸੰਘਾ ਅਤੇ ਜਸਵੰਤ ਜਗਾਇਤ ਆਪਣੇ ਪਰਿਵਾਰ ਸਮੇਤ ਹਾਜ਼ਰ ਸਨ। ਬਲਜਿੰਦਰ ਸੰਘਾ ਨੇ ਪੁਸਤਕ ਬਾਰੇ ਵਿਸਥਾਰਪੂਰਵਕ ਪਰਚਾ ਵੀ ਪੜ੍ਹਿਆ।
ਸਮਾਗਮ ਦੌਰਾਨ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਨਾਲ ਲੰਮੇ ਸਮੇਂ ਤੋਂ ਜੁੜੇ ਕਲਾਕਾਰ ਕਮਲ ਸਿੱਧੂ ਅਤੇ ਜਸਵਿੰਦਰ ਜੱਸ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੋਕ ਕਲਾ ਮੰਚ (ਰਜਿ.) ਮੰਡੀ ਮੁੱਲਾਂਪੁਰ ਵਿਖੇ ਕਮਰਾ ਉਸਾਰਨ ਵਿੱਚ ਯੋਗਦਾਨ ਪਾਉਣ ਵਾਲੇ ਸਰੋਆ ਪਰਿਵਾਰ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।
ਮਾਸਟਰ ਭਜਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਸੱਭਿਆਚਾਰਕ ਅਤੇ ਨਾਟਕੀ ਸਮਾਗਮਾਂ ਦਾ ਮਕਸਦ ਸਮਾਜ ਨੂੰ ਬਿਹਤਰ ਬਣਾਉਣਾ ਅਤੇ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਕਰਨਾ ਹੈ।
ਨਾਟਕ ਮੇਲੇ ਦੇ ਦੂਜੇ ਭਾਗ ਵਿੱਚ ਹਰਕੇਸ਼ ਚੌਧਰੀ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਨਾਟਕ “ਧਰਤਿ ਵੰਗਾਰੇ ਤਖ਼ਤ ਨੂੰ” ਦੀ ਪੇਸ਼ਕਾਰੀ ਕੀਤੀ ਗਈ, ਜੋ ਗ਼ਦਰ ਲਹਿਰ ਦੀ ਵੀਰਾਂਗਣਾ ਗੁਲਾਬ ਕੌਰ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਸੀ। ਨਾਟਕ ਨੇ ਗ਼ਦਰ ਲਹਿਰ ਦੇ ਅਣਗੌਲੇ ਇਤਿਹਾਸਕ ਪੱਖਾਂ ਅਤੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।
ਨਾਟਕ ਮੇਲੇ ਅਤੇ ਯਾਦਗਾਰੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ ਅਤੇ ਪੂਰਾ ਹਾਲ ਨੱਕੋ-ਨੱਕ ਭਰਿਆ ਰਿਹਾ। ਸਮਾਗਮ ਦੇ ਅੰਤ ਵਿੱਚ ਆਯੋਜਕਾਂ ਨੇ ਹਾਜ਼ਰੀਨ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਇੱਕ ਸਫਲ ਅਤੇ ਯਾਦਗਾਰ ਸਮਾਗਮ ਕਰਾਰ ਦਿੱਤਾ।




