Google search engine

ਗ਼ਜ਼ਲ

ਗ਼ਜ਼ਲ

🔹ਗੁਰਭਜਨ ਗਿੱਲ

ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ ।

ਇਸ ਦੀ ਕੀਮਤ ਕਮਦਿਲਿਆਂ ਤੋਂ ਤਾਰ ਨਹੀਂ ਹੁੰਦੀ ।

ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ,

ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ ਨਹੀਂ ਹੁੰਦੀ ।

ਬਾਜ਼ ਉਡਾਰੀ ਭਰਦਾ, ਤਰਦਾ ਉੱਚੇ ਅੰਬਰੀਂ ਵੇਖ,

ਸੂਰਮਿਆਂ ਦੀ ਧਰਤੀ ਉੱਤੇ ਵਾਹਰ ਨਹੀਂ ਹੁੰਦੀ ।

ਸ਼ੇਰ ਦਹਾੜੇ ਜੰਗਲ ਅੰਦਰ ਕੱਲ-ਮੁ-ਕੱਲਾ ਵੇਖ,

ਨਿਰਭਉ ਮਨ ਦੇ ਅੰਦਰ ਬੈਠੀ ਗਾਰ ਨਹੀਂ ਹੁੰਦੀ ।

ਰੱਤ ਦੇ ਛਿੱਟੇ ਪੂੰਝ ਰਿਹਾ ਏਂ ਰੱਤ ਦੇ ਨਾਲ ਕਿਓਂ,

ਅਗਨ ਅਗਨ ਦੇ ਨਾਲ ਕਦੇ ਵੀ ਠਾਰ ਨਹੀਂ ਹੁੰਦੀ ।

ਤੇਰਾ ਨੂਰ ਇਲਾਹੀ ਮੇਰੇ ਅੰਦਰ ਜਗਦਾ ਹੈ,

ਰੂਹ ਤੋਂ ਰੂਹ ਵਿਚਕਾਰ ਕਦੇ ਵੀ ਤਾਰ ਨਹੀਂ ਹੁੰਦੀ ।

ਇੱਕੋ ਵਾਰ ਪਰਖ਼ ਲੈ ਮੇਰੇ ਸਿਦਕ ਸਬੂਤੇ ਨੂੰ,

ਵਾਰੀ ਵਾਰੀ ਇਹ ਜ਼ਿੰਦਗਾਨੀ ਵਾਰ ਨਹੀਂ ਹੁੰਦੀ ।

ਆਪਣਿਆਂ ਦੇ ਹੱਥਾਂ ਵਿਚ ਗੁਲਦਸਤੇ ਹੁੰਦੇ ਨੇ,

ਸੱਜਣਾਂ ਦੇ ਹੱਥ ਦੋਧਾਰੀ ਤਲਵਾਰ ਨਹੀਂ ਹੁੰਦੀ ।

🔵

Exit mobile version