ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਆਲਮੀ ਫੁਟਬਾਲ ਕੱਪ ਵਿੱਚ ਨਵਾਂ ਇਤਿਹਾਸ ਰਚਦਿਆਂ ਕਿਸੇ ਵਿਸ਼ਵ ਕੱਪ ਮੈਚ ਦੀ ਸ਼ੁਰੂਆਤੀ ਟੀਮ ਵਿੱਚ ਥਾਂ ਬਣਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਫੁਟਬਾਲਰ ਬਣਨ ਦਾ ਮਾਣ ਹਾਸਲ ਕੀਤਾ ਹੈ। ਪੰਜਾਬੀ ਮਾਪਿਆਂ ਦੇ ਘਰ ਔਕਲੈਂਡ ਵਿੱਚ ਜਨਮੇ 27 ਸਾਲਾ ਸਰਪ੍ਰੀਤ ਨੇ ਇਰਾਨ ਖ਼ਿਲਾਫ਼ 2-2 ਨਾਲ ਡਰਾਅ ਰਹੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਪਹਿਲੀ ਇਕਾਦਸ਼ ਦਾ ਹਿੱਸਾ ਬਣ ਕੇ ਆਪਣਾ ਵਿਸ਼ਵ ਕੱਪ ਡੈਬਿਊ ਕੀਤਾ।
ਮੁੱਖ ਕੋਚ ਡੈਰੇਨ ਬੈਜ਼ਲੇ ਨੇ ਸਰਪ੍ਰੀਤ ’ਤੇ ਭਰੋਸਾ ਜਤਾਉਂਦਿਆਂ ਉਸ ਨੂੰ ਸ਼ੁਰੂਆਤੀ ਟੀਮ ਵਿੱਚ ਸ਼ਾਮਲ ਕੀਤਾ ਅਤੇ ਉਸ ਨੇ ਲਗਭਗ ਪੂਰਾ ਮੈਚ ਖੇਡਿਆ। 10 ਨੰਬਰ ਦੀ ਜਰਸੀ ਪਹਿਨਣ ਵਾਲੇ ਸਰਪ੍ਰੀਤ ਨੇ ਇਰਾਨ ਦੇ ਗੋਲ ਵੱਲ ਤਿੰਨ ਕੋਸ਼ਿਸ਼ਾਂ ਕੀਤੀਆਂ, ਹਾਲਾਂਕਿ ਉਹ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਉਸ ਨੂੰ 90ਵੇਂ ਮਿੰਟ ਵਿੱਚ ਬਦਲਿਆ ਗਿਆ।
ਨਿਊਜ਼ੀਲੈਂਡ ਹੁਣ ਗਰੁੱਪ ‘ਜੀ’ ਦੇ ਆਪਣੇ ਅਗਲੇ ਮੁਕਾਬਲੇ ਵਿੱਚ 21 ਜੂਨ ਨੂੰ ਵੈਨਕੂਵਰ ਵਿੱਚ ਮਿਸਰ ਨਾਲ ਭਿੜੇਗਾ।
ਇਸ ਤੋਂ ਪਹਿਲਾਂ ਆਸਟਰੇਲੀਆ ਲਈ ਖੇਡਣ ਵਾਲੇ ਭਾਰਤੀ ਮੂਲ ਦੇ ਖਿਡਾਰੀ ਨਿਸ਼ਾਨ ਵੈਲੂਪਿੱਲੈ ਨੇ ਵੀ ਵਿਸ਼ਵ ਕੱਪ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ। 25 ਸਾਲਾ ਨਿਸ਼ਾਨ ਤੁਰਕੀ ਖ਼ਿਲਾਫ਼ 2-0 ਦੀ ਜਿੱਤ ਦੌਰਾਨ 60ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਵਜੋਂ ਮੈਦਾਨ ਵਿੱਚ ਉਤਰੇ ਸਨ।
ਸਰਪ੍ਰੀਤ ਸਿੰਘ ਇਸ ਤੋਂ ਪਹਿਲਾਂ 2017 ਅਤੇ 2019 ਦੇ ਫੀਫਾ ਅੰਡਰ-20 ਵਿਸ਼ਵ ਕੱਪ ਵਿੱਚ ਵੀ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰ ਚੁੱਕੇ ਹਨ। ਮੌਜੂਦਾ ਟੂਰਨਾਮੈਂਟ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੇ ਇਕਲੌਤੇ ਭਾਰਤੀ ਮੂਲ ਦੇ ਖਿਡਾਰੀ ਫਰਾਂਸ ਦੇ ਵਿਕਾਸ ਧੋਰਾਸੂ ਸਨ, ਜਿਨ੍ਹਾਂ ਨੇ 2006 ਦੇ ਵਿਸ਼ਵ ਕੱਪ ਵਿੱਚ ਬਦਲਵੇਂ ਖਿਡਾਰੀ ਵਜੋਂ ਦੋ ਗਰੁੱਪ ਮੈਚ ਖੇਡੇ ਸਨ।
ਮੌਜੂਦਾ ਵਿਸ਼ਵ ਕੱਪ ਦੌਰਾਨ ਭਾਰਤੀ ਮੂਲ ਦੇ ਹੋਰ ਦੋ ਖਿਡਾਰੀਆਂ—ਕਾਂਗੋ ਦੇ ਸੈਮੂਅਲ ਮੌਤੂਸਾਮੀ ਅਤੇ ਕਤਰ ਦੇ ਤਹਿਸੀਨ ਮੁਹੰਮਦ ਜਮਸ਼ੇਦ—ਨੂੰ ਵੀ ਮੈਦਾਨ ਵਿੱਚ ਉਤਰਣ ਦਾ ਮੌਕਾ ਮਿਲ ਸਕਦਾ ਹੈ।




