Google search engine
Home Punjab News ਫ਼ਰੀਦਕੋਟ ਗੁਰਦੁਆਰਾ ਸਾਹਿਬ ‘ਚ ਹੁਕਮਨਾਮਾ ਬੋਰਡ ਪਾੜਨ ਦਾ ਵਿਵਾਦ; ‘ਆਪ’ ਸਮਰਥਕਾਂ ‘ਤੇ...

ਫ਼ਰੀਦਕੋਟ ਗੁਰਦੁਆਰਾ ਸਾਹਿਬ ‘ਚ ਹੁਕਮਨਾਮਾ ਬੋਰਡ ਪਾੜਨ ਦਾ ਵਿਵਾਦ; ‘ਆਪ’ ਸਮਰਥਕਾਂ ‘ਤੇ ਲੱਗੇ ਦੋਸ਼, CCTV ‘ਚ ਕੈਦ ਹੋਈ ਘਟਨਾ

ਫ਼ਰੀਦਕੋਟ ਦੇ ਪਿੰਡ ਢਿੱਲਵਾਂ ਕਲਾਂ ਸਥਿਤ ਗੁਰਦੁਆਰਾ ਗੋਦਾਵਰੀ ਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਾਲਾ ਬੋਰਡ ਕਥਿਤ ਤੌਰ ‘ਤੇ ਪਾੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਦੋਸ਼ ਲਗਾਇਆ ਹੈ ਕਿ ਇਹ ਕਾਰਵਾਈ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ, ਜਦਕਿ ਪੂਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਰਿਕਾਰਡ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਇਹ ਬੋਰਡ ਪੰਜ ਸਿੰਘ ਸਾਹਿਬਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਲਗਾਇਆ ਗਿਆ ਸੀ। ਇਸ ਵਿੱਚ ਕਥਿਤ ਵਾਇਰਲ ਵੀਡੀਓ ਮਾਮਲੇ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਦਰਸਾਇਆ ਗਿਆ ਸੀ।

ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਬੋਰਡ ਨੂੰ ਪਾੜ ਦਿੱਤਾ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਤੁਰੰਤ ਸ਼੍ਰੋਮਣੀ ਕਮੇਟੀ ਅਤੇ ਫ਼ਰੀਦਕੋਟ ਪੁਲਿਸ ਨੂੰ ਐਮਰਜੈਂਸੀ ਹੈਲਪਲਾਈਨ 112 ਰਾਹੀਂ ਦੇ ਦਿੱਤੀ ਗਈ ਹੈ। ਪ੍ਰਬੰਧਕਾਂ ਨੇ ਬੋਰਡ ਮੁੜ ਲਗਾ ਦਿੱਤਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਲਾਲੀ ਬਾਦਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਇਸ ਨਾਲ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਬੇਕਸੂਰ ਸਮਝਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ।

ਲਾਲੀ ਬਾਦਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਐੱਸਐੱਸਪੀ ਫ਼ਰੀਦਕੋਟ ਨੂੰ ਰਸਮੀ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

ਹਾਲਾਂਕਿ ਇਸ ਮਾਮਲੇ ਵਿੱਚ ਲੱਗੇ ਦੋਸ਼ਾਂ ‘ਤੇ ਆਮ ਆਦਮੀ ਪਾਰਟੀ ਜਾਂ ਕਥਿਤ ਦੋਸ਼ੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Exit mobile version