Google search engine
Home Punjab News ਮੁੱਖ ਮੰਤਰੀ ਵੀਡੀਓ ਵਿਵਾਦ ‘ਚ ਨਵਾਂ ਮੋੜ: ਜਗਮਨ ਸਮਰਾ ਦਾ ਦਾਅਵਾ- ਸਵਾਤੀ...

ਮੁੱਖ ਮੰਤਰੀ ਵੀਡੀਓ ਵਿਵਾਦ ‘ਚ ਨਵਾਂ ਮੋੜ: ਜਗਮਨ ਸਮਰਾ ਦਾ ਦਾਅਵਾ- ਸਵਾਤੀ ਮਾਲੀਵਾਲ ਨੇ ਭੇਜੀਆਂ ਸਨ ਵੀਡੀਓਜ਼

ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਕੈਨੇਡਾ ਵਿੱਚ ਰਹਿੰਦੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ‘ਤੇ 4 ਮਿੰਟ 57 ਸਕਿੰਟ ਦੀ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਹ ਵੀਡੀਓਜ਼ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਉਸ ਨੂੰ ਭੇਜੀਆਂ ਗਈਆਂ ਸਨ।

ਜਗਮਨ ਸਮਰਾ ਨੇ ਦਾਅਵਾ ਕੀਤਾ ਕਿ ਮਈ 2024 ਵਿੱਚ ਅਰਵਿੰਦ ਕੇਜਰੀਵਾਲ ਦੇ ਨਿਵਾਸ ‘ਤੇ ਹੋਈ ਕਥਿਤ ਕੁੱਟਮਾਰ ਅਤੇ ਅਪਮਾਨ ਦੀ ਘਟਨਾ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਨਾਰਾਜ਼ਗੀ ਦੇ ਚਲਦਿਆਂ ਇਹ ਵੀਡੀਓਜ਼ ਲੀਕ ਕੀਤੀਆਂ। ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਹੋਰ ਵੀਡੀਓਜ਼ ਵੀ ਹਨ, ਜੋ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਲਿਆਂਦੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਮਨ ਸਮਰਾ ‘ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਸੀ ਕਿ ਵਾਇਰਲ ਵੀਡੀਓ ਨਕਲੀ ਮਾਸਕ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਹਾਲਾਂਕਿ ਸਮਰਾ ਨੇ ਆਪਣੇ ਨਵੇਂ ਵੀਡੀਓ ਸੰਦੇਸ਼ ਵਿੱਚ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਵੀਡੀਓ ਅਸਲੀ ਹੈ ਅਤੇ ਉਸ ਨੇ ਮੁੱਖ ਮੰਤਰੀ ਨਾਲ ਆਪਣੀ ਪੁਰਾਣੀ ਜਾਣ-ਪਛਾਣ ਦਾ ਵੀ ਜ਼ਿਕਰ ਕੀਤਾ।

ਜਗਮਨ ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਨਾਮ ਸਾਹਮਣੇ ਲਿਆਂਦੇ ਜਾਣ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਸਿਆਸੀ ਰੁੱਖ ਅਖ਼ਤਿਆਰ ਕਰ ਲਿਆ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਹੇ ਹਨ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਇਸ ਮਾਮਲੇ ਵਿੱਚ ਜਾਂਚ ਅਤੇ ਕਾਰਵਾਈ ਦੀ ਮੰਗ ਕਰ ਚੁੱਕੇ ਹਨ।

ਹਾਲਾਂਕਿ ਜਗਮਨ ਸਮਰਾ ਦੇ ਦਾਅਵਿਆਂ ‘ਤੇ ਸਵਾਤੀ ਮਾਲੀਵਾਲ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਲਈ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਇਹ ਮਾਮਲਾ ਸਿਆਸੀ ਤੌਰ ‘ਤੇ ਹੋਰ ਗਰਮਾਉਣ ਦੇ ਆਸਾਰ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਜਗਮਨ ਸਮਰਾ ਖ਼ਿਲਾਫ਼ 2020 ਵਿੱਚ ਫ਼ਿਰੋਜ਼ਪੁਰ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਬਾਅਦ ਵਿੱਚ ਜੇਲ੍ਹ ਵਿੱਚੋਂ ਫ਼ਰਾਰ ਹੋ ਗਿਆ ਸੀ।

Exit mobile version