ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਧਿਆਨ ਸੈਸ਼ਨ ਵਿੱਚ ਹਿੱਸਾ ਲੈਣ ਲਈ ਬੰਗਲੁਰੂ ਰਵਾਨਾ ਹੋ ਗਏ ਹਨ। ਉਹ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਸਥਿਤ ਇੱਕ ਨਿੱਜੀ ਕੁਦਰਤੀ ਇਲਾਜ (ਨੇਚਰੋਪੈਥੀ) ਅਤੇ ਧਿਆਨ ਕੇਂਦਰ ਵਿੱਚ ਰਹਿਣਗੇ।
ਸਰਕਾਰੀ ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਮੀਟਿੰਗਾਂ, ਵਿਕਾਸ ਕਾਰਜਾਂ, ਰਾਜਨੀਤਿਕ ਸਮਾਗਮਾਂ ਅਤੇ ‘ਲੋਕ ਮਿਲਣੀ’ ਪ੍ਰੋਗਰਾਮਾਂ ਵਿੱਚ ਲਗਾਤਾਰ ਵਿਅਸਤ ਰਹੇ ਹਨ। ਵੱਖ-ਵੱਖ ਹਲਕਿਆਂ ਦੇ ਦੌਰਿਆਂ ਅਤੇ ਰੁਝੇਵੇਂ ਭਰੇ ਕਾਰਜਕ੍ਰਮਾਂ ਕਾਰਨ ਉਨ੍ਹਾਂ ਨੇ ਕੁਝ ਸਮਾਂ ਧਿਆਨ ਅਤੇ ਆਰਾਮ ਲਈ ਕੱਢਣ ਦਾ ਫ਼ੈਸਲਾ ਕੀਤਾ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਗਵੰਤ ਮਾਨ ਵਿਪਾਸਨਾ ਧਿਆਨ ਸੈਸ਼ਨ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਿਯਮਿਤ ਤੌਰ ‘ਤੇ ਵਿਪਾਸਨਾ ਧਿਆਨ ਕੈਂਪਾਂ ਵਿੱਚ ਹਿੱਸਾ ਲੈਂਦੇ ਰਹੇ ਹਨ।
ਸੂਤਰਾਂ ਮੁਤਾਬਕ, ਇਸ ਵਾਰ ਵੀ ਪੰਜਾਬ ‘ਆਪ’ ਦੇ ਦੋ ਸੀਨੀਅਰ ਆਗੂ ਪਹਿਲਾਂ ਹੀ ਉਸੇ ਧਿਆਨ ਕੇਂਦਰ ਵਿੱਚ ਮੌਜੂਦ ਹਨ। ਇਸ ਦੌਰਾਨ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਜ਼ੋਰਾਂ ‘ਤੇ ਹਨ।
ਹਾਲਾਂਕਿ, ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਇੱਕ ਹਫ਼ਤੇ ਦੀ ਗੈਰਹਾਜ਼ਰੀ ਦੌਰਾਨ ਵੀ ਪੰਜਾਬ ਸਰਕਾਰ ਦਾ ਰੋਜ਼ਾਨਾ ਪ੍ਰਸ਼ਾਸਨਿਕ ਕੰਮਕਾਜ ਆਮ ਵਾਂਗ ਜਾਰੀ ਰਹੇਗਾ ਅਤੇ ਸਰਕਾਰੀ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।
