Google search engine
Home Entertainment ‘ਮੈਂ ਕਲਾਕਾਰ ਹਾਂ, ਨੇਤਾ ਨਹੀਂ’— CJP ਪ੍ਰਦਰਸ਼ਨ ਤੋਂ ਦਿਲਜੀਤ ਦੋਸਾਂਝ ਨੇ ਬਣਾਈ...

‘ਮੈਂ ਕਲਾਕਾਰ ਹਾਂ, ਨੇਤਾ ਨਹੀਂ’— CJP ਪ੍ਰਦਰਸ਼ਨ ਤੋਂ ਦਿਲਜੀਤ ਦੋਸਾਂਝ ਨੇ ਬਣਾਈ ਦੂਰੀ

ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਪ੍ਰਦਰਸ਼ਨ ਬਾਰੇ ਆਪਣਾ ਸਪੱਸ਼ਟ ਰੁਖ਼ ਰੱਖਦਿਆਂ ਕਿਹਾ ਹੈ ਕਿ ਉਹ ਇੱਕ ਕਲਾਕਾਰ ਹਨ, ਨਾ ਕਿ ਕੋਈ ਸਿਆਸੀ ਆਗੂ। ਉਨ੍ਹਾਂ ਨੇ ਕਿਹਾ ਕਿ ਉਹ ਸਿਆਸੀ ਵਿਵਾਦਾਂ ਅਤੇ ਪ੍ਰਦਰਸ਼ਨਾਂ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ।

ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ CJP ਦੇ ਅੰਦੋਲਨ ਬਾਰੇ ਉਨ੍ਹਾਂ ਦੀ ਰਾਏ ਪੁੱਛੀ, ਤਾਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ, “ਬਾਈ, ਮੈਨੂੰ ਪ੍ਰਦਰਸ਼ਨਾਂ ਵਾਲੀਆਂ ਗੱਲਾਂ ਤੋਂ ਦੂਰ ਹੀ ਰੱਖੋ। ਮੈਂ ਇੱਕ ਕਲਾਕਾਰ ਹਾਂ, ਕੋਈ ਨੇਤਾ ਨਹੀਂ। ਇਸ ਦੁਨੀਆ ਵਿੱਚ ਹਰ ਚੀਜ਼ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ।”

ਆਪਣੀ ਗੱਲ ਦੌਰਾਨ ਦਿਲਜੀਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਪੰਗਤੀ “ਨਾਨਕ ਦੁਖੀਆ ਸਭੁ ਸੰਸਾਰੁ ॥ ਸੋ ਸੁਖੀਆ ਜਿਸੁ ਨਾਮੁ ਅਧਾਰੁ ॥” ਦਾ ਹਵਾਲਾ ਦਿੰਦਿਆਂ ਆਧਿਆਤਮਿਕ ਸੰਦੇਸ਼ ਵੀ ਸਾਂਝਾ ਕੀਤਾ।

ਦੂਜੇ ਪਾਸੇ, CJP ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਵਾਰ-ਵਾਰ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਅਤੇ ਭਰਤੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲਿਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵਿਦਿਆਰਥੀ ਅਤੇ ਸਮਰਥਕ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰ ਰਹੇ ਹਨ।

ਇਸ ਅੰਦੋਲਨ ਨੂੰ ਉਸ ਵੇਲੇ ਹੋਰ ਚਰਚਾ ਮਿਲੀ ਜਦੋਂ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ ਹੈ, ਜਿਸ ਕਾਰਨ ਇਸ ਮੁੱਦੇ ਵੱਲ ਲੋਕਾਂ ਦਾ ਧਿਆਨ ਹੋਰ ਵਧਿਆ ਹੈ।

ਉੱਧਰ, ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਵੀ ਸਿਆਸੀ ਅੰਦੋਲਨ ਨਾਲ ਨਹੀਂ ਜੋੜਨਾ ਚਾਹੁੰਦੇ ਅਤੇ ਆਪਣਾ ਧਿਆਨ ਸਿਰਫ਼ ਸੰਗੀਤ ਅਤੇ ਫ਼ਿਲਮਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ।

ਕੰਮਕਾਜ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ ਵਿੱਚ ਇਮਤਿਆਜ਼ ਅਲੀ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹ ਇਸ ਸਮੇਂ ਆਪਣੇ ‘Aura Tour 2026’ ਤਹਿਤ ਦੁਨੀਆ ਭਰ ਵਿੱਚ ਲਾਈਵ ਸ਼ੋਅ ਕਰ ਰਹੇ ਹਨ।

Exit mobile version