ਪਾਕਿਸਤਾਨ ਦੇ ਕਰਾਚੀ ਵਿੱਚ ਜਨਵਰੀ ਮਹੀਨੇ ਵਾਪਰੇ ਭਿਆਨਕ ਗੁਲ ਪਲਾਜ਼ਾ ਅਗਨਿਕਾਂਡ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। 72 ਲੋਕਾਂ ਦੀ ਜਾਨ ਲੈਣ ਵਾਲੀ ਇਸ ਘਟਨਾ ਦੀ ਜਾਂਚ ਤੋਂ ਬਾਅਦ ਪੁਲੀਸ ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਇੱਕ 11 ਸਾਲਾ ਬੱਚੇ ਸਮੇਤ ਛੇ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਜਾਂਚ ਮੁਤਾਬਕ 17 ਜਨਵਰੀ ਨੂੰ ਕਰਾਚੀ ਦੇ ਸਦਰ ਇਲਾਕੇ ਵਿੱਚ ਸਥਿਤ ਗੁਲ ਪਲਾਜ਼ਾ ਸ਼ਾਪਿੰਗ ਕੰਪਲੈਕਸ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਬਚਾਅ ਟੀਮਾਂ ਨੂੰ ਕਰੀਬ ਇੱਕ ਹਫ਼ਤਾ ਲੱਗਿਆ ਸੀ। ਇਸ ਹਾਦਸੇ ਵਿੱਚ 72 ਲੋਕਾਂ ਦੀ ਮੌਤ ਹੋਈ, ਅੱਠ ਹੋਰ ਜ਼ਖਮੀ ਹੋਏ ਅਤੇ 1,153 ਤੋਂ ਵੱਧ ਦੁਕਾਨਾਂ ਸੜ ਕੇ ਤਬਾਹ ਹੋ ਗਈਆਂ।
ਚਾਰਜਸ਼ੀਟ ਅਨੁਸਾਰ, ਘਟਨਾ ਵੇਲੇ 11 ਸਾਲਾ ਬੱਚਾ ਆਪਣੇ ਪਿਤਾ ਦੀ ਗੈਰਹਾਜ਼ਰੀ ਵਿੱਚ ਆਰਟੀਫੀਸ਼ੀਅਲ ਫੁੱਲਾਂ ਦੀ ਦੁਕਾਨ ਸੰਭਾਲ ਰਿਹਾ ਸੀ। ਦੋਸ਼ ਹੈ ਕਿ ਮਾਚਿਸ ਦੀਆਂ ਤੀਲੀਆਂ ਨਾਲ ਖੇਡਣ ਦੌਰਾਨ ਅੱਗ ਲੱਗੀ, ਜੋ ਕੁਝ ਹੀ ਸਮੇਂ ਵਿੱਚ ਪੂਰੇ ਕੰਪਲੈਕਸ ਵਿੱਚ ਫੈਲ ਗਈ। ਪੁਲੀਸ ਦਾ ਕਹਿਣਾ ਹੈ ਕਿ ਬੱਚੇ ਸਮੇਤ ਸਾਰੇ ਨਾਮਜ਼ਦ ਮੁਲਜ਼ਮ ਇਸ ਸਮੇਂ ਫ਼ਰਾਰ ਹਨ।
ਜ਼ਿਲ੍ਹਾ ਸਰਕਾਰੀ ਵਕੀਲ ਅਬਦੁਲ ਰੱਜ਼ਾਕ ਗੁੱਜਰ ਨੇ ਦੱਸਿਆ ਕਿ ਬੱਚੇ ਦੇ ਨਾਲ-ਨਾਲ ਗੁਲ ਪਲਾਜ਼ਾ ਪ੍ਰਬੰਧਕੀ ਕਮੇਟੀ ਦੇ ਕਈ ਮੈਂਬਰਾਂ ਖ਼ਿਲਾਫ਼ ਵੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਜਾਂਚ ਅਧਿਕਾਰੀ ਨੇ ਚਾਰਜਸ਼ੀਟ ਵਿੱਚ 42 ਗਵਾਹਾਂ ਦੇ ਬਿਆਨ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਇੱਕ 13 ਸਾਲਾ ਲੜਕੇ ਦਾ ਬਿਆਨ ਵੀ ਹੈ, ਜਿਸ ਨੇ ਦਾਅਵਾ ਕੀਤਾ ਕਿ ਉਸ ਨੇ ਅੱਗ ਲੱਗਣ ਤੋਂ ਪਹਿਲਾਂ ਬੱਚੇ ਨੂੰ ਮਾਚਿਸ ਨਾਲ ਖੇਡਦੇ ਦੇਖਿਆ ਸੀ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਵੀ ਅਗਲੇ ਪੜਾਅ ਵਿੱਚ ਅਦਾਲਤ ਅੱਗੇ ਪੇਸ਼ ਕੀਤੀ ਜਾਵੇਗੀ।




