HomeCanadaਕੈਨੇਡਾ ਡੇ ਮੌਕੇ ਡਾ. ਗੁਰਮੀਤ ਸਿੰਘ ਰੰਧਾਵਾ ਸੀਨੀਅਰ ਸੁਸਾਇਟੀ ਕੈਲੋਨਾ ਵੱਲੋਂ ਸ਼ਾਨਦਾਰ...

ਕੈਨੇਡਾ ਡੇ ਮੌਕੇ ਡਾ. ਗੁਰਮੀਤ ਸਿੰਘ ਰੰਧਾਵਾ ਸੀਨੀਅਰ ਸੁਸਾਇਟੀ ਕੈਲੋਨਾ ਵੱਲੋਂ ਸ਼ਾਨਦਾਰ ਸਮਾਗਮ

ਕੈਲੋਨਾ, 6 ਜੁਲਾਈ (ਹਰਦਮ ਮਾਨ) — ਡਾ. ਗੁਰਮੀਤ ਸਿੰਘ ਰੰਧਾਵਾ ਸੀਨੀਅਰ ਸੁਸਾਇਟੀ, ਕੈਲੋਨਾ ਵੱਲੋਂ ਕੈਨੇਡਾ ਦੇ 159ਵੇਂ ਸਥਾਪਨਾ ਦਿਵਸ (ਕੈਨੇਡਾ ਡੇ) ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਕੈਨੇਡਾ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਬਹੁ-ਸੱਭਿਆਚਾਰਕ ਵਿਰਾਸਤ ਅਤੇ ਆਪਸੀ ਭਾਈਚਾਰੇ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ।

ਸਮਾਗਮ ਦੀ ਸ਼ੁਰੂਆਤ ਓਕਾਨਾਗਨ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਪਤਾਰਾ ਵੱਲੋਂ ਕੈਨੇਡਾ ਦਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਉਪਰੰਤ ਹਾਜ਼ਰੀਨ ਨੇ ਇਕਸੁਰ ਹੋ ਕੇ ਰਾਸ਼ਟਰੀ ਗੀਤ ਗਾਇਆ ਅਤੇ ਦੇਸ਼ ਦੀ ਏਕਤਾ, ਆਜ਼ਾਦੀ ਅਤੇ ਵਿਭਿੰਨਤਾ ਨੂੰ ਨਮਨ ਕੀਤਾ। ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਸਹੋਤਾ ਦੀ ਅਗਵਾਈ ਵਿੱਚ ਕੇਕ ਕੱਟ ਕੇ ਕੈਨੇਡਾ ਡੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਸੁਸਾਇਟੀ ਦੇ ਸਕੱਤਰ ਹਰਦੇਵ ਸਿੰਘ ਸਰਾਂ ਵੀ ਸ਼ਾਮਲ ਸਨ।

ਮੁੱਖ ਬੁਲਾਰੇ ਐਡਵੋਕੇਟ ਜਗਪਾਲ ਸਿੰਘ ਬੁੱਟਰ ਨੇ ਕੈਨੇਡਾ ਡੇ ਦੀਆਂ ਵਧਾਈਆਂ ਦਿੰਦਿਆਂ ਕੈਨੇਡਾ ਦੇ ਇਤਿਹਾਸ, ਸੰਵਿਧਾਨਕ ਪ੍ਰਣਾਲੀ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਫ਼ਰਜ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ੁਮਾਰ ਹੁੰਦਾ ਹੈ ਜਿੱਥੇ ਹਰ ਵਿਅਕਤੀ ਨੂੰ ਬਰਾਬਰੀ, ਆਜ਼ਾਦੀ, ਨਿਆਂ ਅਤੇ ਤਰੱਕੀ ਦੇ ਬਰਾਬਰ ਮੌਕੇ ਪ੍ਰਾਪਤ ਹਨ। ਉਨ੍ਹਾਂ ਨੇ ਸਾਰਿਆਂ ਨੂੰ ਕੈਨੇਡਾ ਦੀ ਤਰੱਕੀ ਅਤੇ ਸਮਾਜਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।

ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਪਰਮਜੀਤ ਸਿੰਘ ਧਾਲੀਵਾਲ ਨੇ ਕੈਨੇਡਾ ਨੂੰ ਸਮਰਪਿਤ ਭਾਵਪੂਰਤ ਗੀਤ ਪੇਸ਼ ਕਰਕੇ ਦੇਸ਼ ਭਗਤੀ ਦਾ ਰੰਗ ਬਿਖੇਰਿਆ, ਜਦਕਿ ਕੁੰਦਨ ਸਿੰਘ ਸੰਘੇੜਾ ਨੇ ਆਪਣੀਆਂ ਦਿਲ ਨੂੰ ਛੂੰਹਣ ਵਾਲੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸੁਸਾਇਟੀ ਦੇ ਖ਼ਜ਼ਾਨਚੀ ਮਨਜੀਤ ਸਿੰਘ ਬਸਰਾ ਨੇ ਸਾਰੰਗੀ ਦੀਆਂ ਸੁਰੀਲੀਆਂ ਧੁਨਾਂ ਨਾਲ ਸਮਾਗਮ ਨੂੰ ਵਿਲੱਖਣ ਰੰਗ ਬਖ਼ਸ਼ਿਆ। ਇਸੇ ਤਰ੍ਹਾਂ ਰਵਿੰਦਰ ਸਿੰਘ ਬੈਦਵਾਨ ਅਤੇ ਸਕੱਤਰ ਇੰਦਰਜੀਤ ਸਿੰਘ ਸੰਧੂ ਵੱਲੋਂ ਪੇਸ਼ ਕੀਤੀ ਕਵੀਸ਼ਰੀ ਨੂੰ ਹਾਜ਼ਰੀਨ ਨੇ ਭਰਪੂਰ ਦਾਦ ਦਿੱਤੀ।

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਉਂਕਾਰ ਸਿੰਘ ਰਾਣਾ ਢਿੱਲੋਂ, ਛਿੰਦਾ ਢਿੱਲੋਂ ਅਤੇ ਐਡਵੋਕੇਟ ਜਗਪਾਲ ਸਿੰਘ ਬੁੱਟਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦਾ ਸੰਚਾਲਨ ਸਟੇਜ ਸਕੱਤਰ ਰਵਿੰਦਰ ਸਿੰਘ ਬੈਦਵਾਨ ਨੇ ਬੇਹੱਦ ਸੁਚੱਜੇ, ਸਲੀਕੇਮੰਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅੰਤ ਵਿੱਚ ਸੁਸਾਇਟੀ ਦੇ ਸਕੱਤਰ ਇੰਦਰਜੀਤ ਸਿੰਘ ਸੰਧੂ ਨੇ ਸਮੂਹ ਮਹਿਮਾਨਾਂ, ਵਲੰਟੀਅਰਾਂ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ, ਸੱਭਿਆਚਾਰਕ ਅਤੇ ਭਾਈਚਾਰਕ ਸਮਾਗਮਾਂ ਰਾਹੀਂ ਸਮਾਜ ਨੂੰ ਆਪਸ ਵਿੱਚ ਜੋੜਨ ਦੇ ਆਪਣੇ ਯਤਨ ਨਿਰੰਤਰ ਜਾਰੀ ਰੱਖੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments