ਤਰਨ ਤਾਰਨ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਨਵੇਂ ਮੋੜ ‘ਤੇ ਦਿਖਾਈ ਦੇ ਰਹੀ ਹੈ। ਜ਼ਿਲ੍ਹੇ ਦੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦਾ ਖੁੱਲ੍ਹਾ ਸਮਰਥਨ ਕੀਤਾ ਹੈ, ਜਿਸ ਨਾਲ ਜ਼ਿਲ੍ਹੇ ਵਿੱਚ ਪਾਰਟੀ ਅੰਦਰ ਧੜੇਬੰਦੀ ਹੋਰ ਸਪੱਸ਼ਟ ਹੋ ਗਈ ਹੈ।
ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਤਰਨ ਤਾਰਨ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਪਹਿਲਾਂ ਹੀ ਚੰਨੀ ਦੇ ਹੱਕ ਵਿੱਚ ਆਪਣਾ ਸਮਰਥਨ ਜਤਾਹ ਚੁੱਕੇ ਹਨ। ਦੂਜੇ ਪਾਸੇ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੀ ਰਾਇ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲੇ ਕਰਦੇ ਹਨ ਅਤੇ ਜ਼ਿਆਦਾਤਰ ਵਰਕਰ ਚਰਨਜੀਤ ਸਿੰਘ ਚੰਨੀ ਨੂੰ ਹੀ ਪਾਰਟੀ ਦੀ ਅਗਵਾਈ ਲਈ ਸਭ ਤੋਂ ਯੋਗ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਵਿੱਚ ਮਜ਼ਬੂਤ ਭਰੋਸਾ ਬਣਾਇਆ ਅਤੇ ਕਿਸਾਨਾਂ ਤੇ ਆਮ ਵਰਗ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਚੰਨੀ ਦੀ ਅਗਵਾਈ ਹੇਠ ਕਾਂਗਰਸ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ।




