ਓਟੀਟੀ ਪਲੇਟਫਾਰਮ ਤੋਂ ਫ਼ਿਲਮ ‘ਸਤਲੁਜ’ ਹਟਾਏ ਜਾਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਤਿਵਾਦ ਵਾਲੇ ਦੌਰ ਦੀ ਚਰਚਾ ਸਿਰਫ਼ ਇੱਕ ਪੱਖ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਉਸ ਸਮੇਂ ਦੀ ਪੂਰੀ ਹਕੀਕਤ ਸਾਹਮਣੇ ਆਉਣੀ ਲਾਜ਼ਮੀ ਹੈ।
ਬਿੱਟੂ ਨੇ ਕਿਹਾ ਕਿ ਉਸ ਦੌਰ ਨੂੰ ਸਮਝਣ ਲਈ ਸਰਕਾਰੀ ਕਾਰਵਾਈਆਂ ਦੇ ਨਾਲ-ਨਾਲ ਅਤਿਵਾਦੀ ਹਿੰਸਾ ਅਤੇ ਉਸ ਦੇ ਹਜ਼ਾਰਾਂ ਬੇਗੁਨਾਹ ਲੋਕਾਂ ‘ਤੇ ਪਏ ਅਸਰ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, “ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ, ਅੱਧੀ ਕਹਾਣੀ ਦਾ ਨਹੀਂ।”
ਉਨ੍ਹਾਂ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਭੂਮਿਕਾ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਸਮੇਂ ਸਰਕਾਰ ਦੀ ਪਹਿਲੀ ਤਰਜੀਹ ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਸ਼ਾਂਤੀ ਦੀ ਬਹਾਲੀ ਸੀ, ਤਾਂ ਜੋ ਲੋਕ ਡਰ ਦੇ ਮਾਹੌਲ ਤੋਂ ਬਾਹਰ ਆ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਬਾਰੇ ਹਰ ਚਰਚਾ ਤੱਥਾਂ ਅਤੇ ਪ੍ਰਮਾਣਿਤ ਸਬੂਤਾਂ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ, ਨਾ ਕਿ ਸਿਰਫ਼ ਧਾਰਣਾਵਾਂ ਦੇ ਆਧਾਰ ‘ਤੇ।
ਰਵਨੀਤ ਬਿੱਟੂ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦਾ ਕਿਸੇ ਵੀ ਧਰਮ ਜਾਂ ਭਾਈਚਾਰੇ ਨਾਲ ਕੋਈ ਸੰਬੰਧ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦਾ ਭਵਿੱਖ ਪੁਰਾਣੇ ਵਿਵਾਦਾਂ ਦੀ ਬਜਾਏ ਸ਼ਾਂਤੀ, ਵਿਕਾਸ, ਰੁਜ਼ਗਾਰ ਅਤੇ ਸਿੱਖਿਆ ‘ਤੇ ਕੇਂਦਰਿਤ ਹੋਣਾ ਚਾਹੀਦਾ ਹੈ।




