HomeCanadaਵੈਸਟ ਕੋਸਟ ਕਿੰਗਸ ਫੀਲਡ ਹਾਕੀ ਕਲੱਬ ਵੱਲੋਂ ਕਰਵਾਇਆ ਕੈਨੇਡਾ ਕੱਪ 2026 ਅਮਿਟ...

ਵੈਸਟ ਕੋਸਟ ਕਿੰਗਸ ਫੀਲਡ ਹਾਕੀ ਕਲੱਬ ਵੱਲੋਂ ਕਰਵਾਇਆ ਕੈਨੇਡਾ ਕੱਪ 2026 ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ

ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਕਲੱਬ ਸਰੀ ਵਲੋਂ ਕਰਵਾਏ ਕੈੇਨੇਡਾ ਕੱਪ ਹਾਕੀ 2026 ਵਿਚ ਯੂਬਾ ਬ੍ਰਦਰਜ਼ ਦੀ ਟੀਮ ਜੇਤੂ ਰਹੀ

ਰਿਕਾਰਡ ਤੋੜ ਦਰਸ਼ਕਾਂ ਦੀ ਹਾਜ਼ਰੀ, ਉੱਚ ਪੱਧਰੀ ਮੁਕਾਬਲੇ, 35 ਹਜ਼ਾਰ ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਅਤੇ ਸਰੀ ਫੀਲਡ ਹਾਕੀ ਦੇ ਵਿਕਾਸ ਲਈ ਮੇਅਰ ਬ੍ਰੈਂਡਾ ਲਾਕ ਦੇ ਵੱਡੇ ਐਲਾਨ ਸੁਰਖੀਆਂ ਬਣੇ

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ) — ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵੱਲੋਂ ਕਰਵਾਇਆ ਕੈਨੇਡਾ ਕੱਪ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ| ਉੱਤਰੀ ਅਮਰੀਕਾ ਦੇ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਟੀਮਾਂ ਨੇ ਉੱਚ ਪੱਧਰੀ ਫੀਲਡ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਰੋਮਾਂਚਿਕ ਮੈਚ ਦੇਖਣ ਨੂੰ ਮਿਲੇ | ਅਮਰੀਕਾ ਤੇ ਯੂਰਪ ਤੋਂ ਲਗਭਗ 40 ਦੇ ਕਰੀਬ ਟੀਮਾਂ ਨੇ ਭਾਗ ਲਿਆ| ਤਿੰਨੋਂ ਦਿਨ ਹਜ਼ਾਰਾਂ ਦਰਸ਼ਕਾਂ ਦੀ ਭਾਰੀ ਹਾਜ਼ਰੀ ਨੇ ਸਟੇਡੀਅਮ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੱਤਾ। ਹਰ ਵਰਗ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਹੁਨਰ, ਦ੍ਰਿੜ ਇਰਾਦੇ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਇਹ ਟੂਰਨਾਮੈਂਟ ਕੈਨੇਡਾ ਦੇ ਸਭ ਤੋਂ ਵਧੀਆ ਫੀਲਡ ਹਾਕੀ ਮੁਕਾਬਲਿਆਂ ਵਿੱਚੋਂ ਹੋਰ ਮਜ਼ਬੂਤ ਹੋ ਕੇ ਉਭਰਿਆ। ਜੇਤੂ ਅਤੇ ਉਪ ਜੇਤੂ ਟੀਮਾਂ ਵਿੱਚ ਅੰਡਰ-12 ਚੈਂਪੀਅਨ ਇੰਡੀਆ ਕਲੱਬ, ਉਪ ਜੇਤੂ: ਵੁਲਵਰਿਨਜ਼ ਐਬਟਸਫੋਰਡ, ਅੰਡਰ-16 ਵਿਚ ਚੈਂਪੀਅਨ: ਗੋਬਿੰਦ ਸਰਵਰ, ਉਪ ਜੇਤੂ: ਵੁਲਵਰਿਨਜ਼ ਐਬਟਸਫੋਰਡ, ਅੰਡਰ-18 ਵਿੱਚ ਚੈਂਪੀਅਨ: ਬਰੈਂਪਟਨ ਵਾਰੀਅਰਜ਼, ਉਪ ਜੇਤੂ: ਫ੍ਰੇਜ਼ਨੋ ਹਾਕਸ, ਮੈਨਜ਼ ਸੋਸ਼ਲ ਚੈਂਪੀਅਨ: ਅਕਾਲ ਵਾਰੀਅਰਜ਼, ਉਪ ਜੇਤੂ: ਯੂਬਾ ਬ੍ਰਦਰਜ਼, ਵਿਮੈਨਜ਼ ਪ੍ਰੀਮੀਅਰ,ਚੈਂਪੀਅਨ: ਇੰਡੀਆ ਕਲੱਬ, ਉਪ ਜੇਤੂ: ਪੈਂਥਰਜ਼ ਐਫ.ਐਚ.ਸੀ.ਮੈਂਨਜ਼ ਪ੍ਰੀਮੀਅਰ, ਚੈਂਪੀਅਨ: ਯੂਬਾ ਬ੍ਰਦਰਜ਼, ਉਪ ਜੇਤੂ: ਅਕਾਲ ਵਾਰੀਅਰਜ਼ ਜੇਤੂ ਰਹੇ|

ਟੂਰਨਾਮੈਂਟ ਦੌਰਾਨ ਕੁੱਲ 35 ਹਜ਼ਾਰ ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਵੰਡੀ ਗਈ। Ideal Signs ਅਤੇ Ideal Upfitters ਵੱਲੋਂ ਵਿਅਕਤੀਗਤ ਸਨਮਾਨਾਂ ਦੀ ਸਪਾਂਸਰਸ਼ਿਪ ਕੀਤੀ ਗਈ। ਇਸ ਮੌਕੇ ਲੂਈਸ ਬੈਕਰਟ (Yuba Brothers) ਨੂੰ ਐਮ.ਵੀ.ਪੀ., ਪ੍ਰਿਮਿਨ ਬਲਾਕ (Akaal Warriors) ਨੂੰ ਸਰਵੋਤਮ ਗੋਲਕੀਪਰ, ਦੇਵਿੰਦਰ ਵਾਲਮੀਕੀ (Yuba Brothers) ਨੂੰ ਸਰਵੋਤਮ ਡਿਫੈਂਡਰ, ਸੀਜ਼ਰ (Yuba Brothers) ਨੂੰ ਸਰਵੋਤਮ ਮਿਡਫੀਲਡਰ, ਐਲੈਕ ਸ਼ਵੇਰਿਨ (Akaal Warriors) ਨੂੰ ਸਰਵੋਤਮ ਸਕੋਰਰ ਅਤੇ ਨੋਰਾ (India Club) ਨੂੰ ਵਿਮੈਨਜ਼ ਪ੍ਰੀਮੀਅਰ ਡਿਵੀਜ਼ਨ ਦੀ ਐਮ.ਵੀ.ਪੀ. ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਨੇ ਟੂਰਨਾਮੈਂਟ ਦੇ ਟਾਈਟਲ ਸਪਾਂਸਰ BM Group ਸਮੇਤ ਸਾਰੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਵਿਸ਼ਾਲ ਆਯੋਜਨ ਸੰਭਵ ਹੋਇਆ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਫੀਲਡ ਹਾਕੀ ਦੇ ਵਿਕਾਸ ਨੂੰ ਨਵਾਂ ਉਤਸ਼ਾਹ ਮਿਲਿਆ।

ਟੂਰਨਾਮੈਂਟ ਦੌਰਾਨ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਤਿੰਨੋਂ ਦਿਨ ਨਿਸ਼ਕਾਮ ਲੰਗਰ ਸੇਵਾ ਕੀਤੀ ਗਈ, ਜਿਸ ਦਾ ਖਿਡਾਰੀਆਂ, ਅਧਿਕਾਰੀਆਂ, ਵਲੰਟੀਅਰਾਂ ਅਤੇ ਦਰਸ਼ਕਾਂ ਨੇ ਭਰਪੂਰ ਲਾਭ ਲਿਆ। ਐਤਵਾਰ ਨੂੰ ਸਮਾਪਤੀ ਸਮਾਰੋਹ ਮੌਕੇ ਸ਼ਾਨ-ਏ-ਪੰਜਾਬ ਆਰਟਸ ਕਲੱਬ ਵੱਲੋਂ ਪੇਸ਼ ਕੀਤੀ ਗਈ ਰੰਗਾਰੰਗ ਭੰਗੜਾ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਖੂਬ ਮੋਹਿਆ ਅਤੇ ਟੂਰਨਾਮੈਂਟ ਵਿੱਚ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਛਾਪ ਛੱਡੀ।

ਸਮਾਗਮ ਦੌਰਾਨ ਅਮਰਜੀਤ ਸਿੰਘ ਢਿੱਲੋਂ (ਡੱਲਾਸ) ਨੇ ਮਾਸਟਰ ਆਫ਼ ਸੈਰੇਮਨੀਜ਼ ਵਜੋਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ, ਜਦਕਿ MatchVu ਵੱਲੋਂ ਕੀਤੀ ਗਈ ਲਾਈਵ ਸਟ੍ਰੀਮਿੰਗ ਰਾਹੀਂ ਕੈਨੇਡਾ ਕੱਪ ਨੂੰ ਦੁਨੀਆ ਭਰ ਦੇ ਫੀਲਡ ਹਾਕੀ ਪ੍ਰੇਮੀਆਂ ਤੱਕ ਪਹੁੰਚਾਇਆ ਗਿਆ।ਟੂਰਨਾਮੈਂਟ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਵਿੱਚ ਸਰੀ ਦੀ ਮੇਅਰ ਬ੍ਰੈਂਡਾ ਲਾਕ, ਕੈਨੇਡਾ ਸਰਕਾਰ ਦੇ ਸਟੇਟ ਮਿਨਿਸਟਰ ਰਣਦੀਪ ਸਿੰਘ ਸਰਾਏ, ਸੰਸਦ ਮੈਂਬਰ ਸੁਖ ਧਾਲੀਵਾਲ, ਬੀ.ਸੀ. ਦੇ ਵਿਧਾਇਕ ਬ੍ਰਾਇਨ ਟੈਪਰ, ਸਾਬਕਾ ਮੇਅਰ ਡੱਗ ਮੈਕਕਾਲਮ, ਸਿਟੀ ਕੌਂਸਲਰ ਮਨਦੀਪ ਧਾਲੀਵਾਲ, ਲਿੰਡਾ ਐਨਿਸ, ਡੱਗ ਐਲਫੋਰਡ ਅਤੇ ਪਰਦੀਪ ਕੂਨਰ ਸਮੇਤ ਕਈ ਪ੍ਰਮੁੱਖ ਸਿਆਸੀ, ਸਮਾਜਿਕ ਅਤੇ ਖੇਡ ਜਗਤ ਦੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਖਾਲਸਾ ਕਰੈਡਿਟ ਯੂਨੀਅਨ ਦੇ ਕੁਲਦੀਪ ਸਿੰਘ ਸਿੱਧੂ, ਟਾਈਟਲ ਸਪਾਂਸਰ ਬੀ.ਐਮ. ਗਰੁੱਪ ਦੇ ਮਿਲਨ ਮਾਨ, ਮਿੰਦੀ ਵਿਰਕ, ਹੈਰੀ ਕੂਨਰ, ਅਪਨਾ ਗਰੁੱਪ ਦੇ ਪਰਮਜੀਤ ਸੰਘੇੜਾ, ਡਾ. ਗੁਲਜ਼ਾਰ ਚੀਮਾ, ਡਾ. ਪਰਗਟ ਸਿੰਘ ਭੁਰਜੀ ਅਤੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੋਚੀ ਸੰਧੂ ਦੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ।ਆਪਣੇ ਸੰਬੋਧਨ ਦੌਰਾਨ ਮੇਅਰ ਬ੍ਰੈਂਡਾ ਲਾਕ ਨੇ ਸਰੀ ਫੀਲਡ ਹਾਕੀ ਸਟੇਡੀਅਮ ਦੇ ਵਿਕਾਸ ਲਈ ਸ਼ਹਿਰ ਦੀ ਵਚਨਬੱਧਤਾ ਦੁਹਰਾਉਂਦਿਆਂ ਐਲਾਨ ਕੀਤਾ ਕਿ ਸਟੇਡੀਅਮ ਵਿੱਚ ਪਾਰਕਿੰਗ ਦਾ ਵਿਸਥਾਰ, ਅੰਤਰਰਾਸ਼ਟਰੀ ਪੱਧਰ ਦੇ ਨਵੇਂ ਕਲੱਬ ਹਾਊਸ ਦਾ ਨਿਰਮਾਣ, ਨੰਬਰ-2 ਫੀਲਡ ਹਾਕੀ ਕੰਪਲੈਕਸ ਦਾ ਵਿਕਾਸ ਅਤੇ ਭਵਿੱਖ ਦੇ ਟੂਰਨਾਮੈਂਟਾਂ ਅਤੇ ਭਾਈਚਾਰਕ ਸਮਾਗਮਾਂ ਲਈ ਸਥਾਈ ਸਟੇਜ ਦੀ ਉਸਾਰੀ ਜਲਦ ਕਰਵਾਈ ਜਾਵੇਗੀ। ਇਸ ਟੂਰਨਾਮੈਂਟ ਦੀ ਸਫਲਤਾ ਦਾ ਸਿਹਰਾ ਕਲੱਬ ਦੇ ਪ੍ਰਧਾਨ ਜੱਸੀ ਮਾਂਗਟ, ਊਧਮ ਸਿੰਘ ਹੁੰਦਲ, ਤਰਨਜੀਤ ਸਿੰਘ ਹੇਅਰ ਨਵੀਂ ਦਿਉਲ, ਹਰਵਿੰਦਰ ਸਰਾ, ਚਮਕੌਰ ਗਿੱਲ, ਨਰਿੰਦਰ ਨਿੱਝਰ, ਗਗਨ ਥਿੰਦ, ਸੁੱਖ ਗਿੱਲ, ਮਲਕੀਤ ਪਾਹਲ, ਗੁਰਪ੍ਰੀਤ ਗੁਰੀ,ਸਤਵੰਤ ਅਟਵਾਲ ਤੇ ਸਮੁੱਚੀ ਟੀਮ ਨੂੰ ਜਾਂਦਾ ਹੈ ਜਿਨਾਂ ਨੇ ਇਸ ਕੈਨੇਡਾ ਕੱਪ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕੀਤਾ|

ਅੰਤ ਵਿੱਚ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ, ਖਿਡਾਰੀਆਂ, ਕੋਚਾਂ, ਮੈਨੇਜਰਾਂ, ਅਧਿਕਾਰੀਆਂ, ਵਲੰਟੀਅਰਾਂ, ਸਪਾਂਸਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਖੇਡ ਭਾਵਨਾ ਨੇ ਕੈਨੇਡਾ ਕੱਪ 2026 ਨੂੰ ਇਸ ਦੇ ਇਤਿਹਾਸ ਦੇ ਸਭ ਤੋਂ ਸਫਲ ਟੂਰਨਾਮੈਂਟਾਂ ਵਿੱਚ ਸ਼ਾਮਲ ਕਰ ਦਿੱਤਾ ਹੈ। ਹੁਣ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਕੈਨੇਡਾ ਕੱਪ 2027 ‘ਤੇ ਟਿਕੀਆਂ ਹਨ, ਜਿੱਥੇ ਇਸ ਤੋਂ ਵੀ ਵੱਡੇ ਅਤੇ ਹੋਰ ਸ਼ਾਨਦਾਰ ਆਯੋਜਨ ਦੀ ਉਮੀਦ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments