ਆਲ ਇੰਡੀਆ ਕਾਂਗਰਸ ਕਮੇਟੀ ਦੀ ਹਾਈਕਮਾਂਡ ਨੇ ਪੰਜਾਬ ਕਾਂਗਰਸ ਵਿੱਚ ਲਗਾਤਾਰ ਵਧ ਰਹੇ ਅੰਦਰੂਨੀ ਸਿਆਸੀ ਟਕਰਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ ‘ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਸੰਗਠਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਅਹਿਮ ਵਿਚਾਰ-ਵਟਾਂਦਰਾ ਕੀਤਾ।
ਵਿਦੇਸ਼ ਦੌਰੇ ਤੋਂ ਵਾਪਸੀ ਉਪਰੰਤ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸੂਬੇ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਤੁਰੰਤ ਦਿੱਲੀ ਤਲਬ ਕਰ ਲਿਆ। ਬਘੇਲ ਮੰਗਲਵਾਰ ਰਾਤ ਦਿੱਲੀ ਪਹੁੰਚ ਰਹੇ ਹਨ ਅਤੇ ਬੁੱਧਵਾਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣਗੇ, ਜਿੱਥੇ ਪੰਜਾਬ ਕਾਂਗਰਸ ਦੇ ਸੰਕਟ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਖੜਗੇ ਦੀ ਰਿਹਾਇਸ਼ ‘ਤੇ ਹੋਈ ਬੈਠਕ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਮੌਜੂਦ ਰਹੇ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਚੱਲ ਰਹੀ ਅੰਦਰੂਨੀ ਬਗ਼ਾਵਤ, ਆਗੂਆਂ ਵਿੱਚ ਮਤਭੇਦ ਅਤੇ ਸੰਗਠਨਕ ਹਾਲਾਤ ਬਾਰੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਭੁਪੇਸ਼ ਬਘੇਲ ਵੱਲੋਂ ਭੇਜੀ ਗਈ ਪੰਜਾਬ ਕਾਂਗਰਸ ਦੇ ਸੰਗਠਨ ਅਤੇ ਸੂਬਾ ਪ੍ਰਧਾਨਗੀ ਨਾਲ ਸਬੰਧਤ ਰਿਪੋਰਟ ‘ਤੇ ਵੀ ਵਿਚਾਰ ਕੀਤਾ ਗਿਆ।
ਰਾਹੁਲ ਗਾਂਧੀ ਦੀ ਵਿਦੇਸ਼ ਤੋਂ ਵਾਪਸੀ ਮਗਰੋਂ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਹ ਵੀ ਕਿਹਾ ਸੀ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਰਾਹੁਲ ਗਾਂਧੀ ਦੇ ਚਿਹਰੇ ‘ਤੇ ਲੜੀਆਂ ਜਾਣਗੀਆਂ। ਇਸ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਹੋਰ ਵੀ ਗਰਮਾ ਗਈ ਹੈ ਅਤੇ ਹਾਈਕਮਾਂਡ ਦੀ ਅਗਲੀ ਰਣਨੀਤੀ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਵੀ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਭੁਪੇਸ਼ ਬਘੇਲ ਦੀ ਪੰਜਾਬ ਤੋਂ ਰਵਾਨਗੀ ਮੌਕੇ ਚੰਨੀ ਸਮਰਥਕਾਂ ਨੇ ਵੱਡਾ ਇਕੱਠ ਕਰਕੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਇਹ ਸੰਕੇਤ ਦਿੱਤਾ ਕਿ ਉਹ ਕਮਜ਼ੋਰ ਲੀਡਰਸ਼ਿਪ ਨੂੰ ਸਵੀਕਾਰ ਕਰਨ ਦੇ ਮੂਡ ਵਿੱਚ ਨਹੀਂ ਹਨ। ਚੰਨੀ ਧੜੇ ਦੀਆਂ ਨਜ਼ਰਾਂ ਹੁਣ ਪੂਰੀ ਤਰ੍ਹਾਂ ਹਾਈਕਮਾਂਡ ਦੇ ਫ਼ੈਸਲੇ ‘ਤੇ ਟਿਕੀਆਂ ਹੋਈਆਂ ਹਨ।
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਜਨੀਤੀ ਵਿੱਚ ਕਈ ਵਾਰ ਪਾਰਟੀ ਨੂੰ ਆਪਣੇ ਪਹਿਲਾਂ ਲਏ ਫ਼ੈਸਲੇ ਵੀ ਵਾਪਸ ਲੈਣੇ ਪੈਂਦੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਵੀ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਤਾਕਤ ਦੇ ਸੰਘਰਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਚੰਨੀ ਧੜਾ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਉਣ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ। ਕਈ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਦੀ ਮੀਟਿੰਗ ਦੌਰਾਨ ਇਹ ਤੱਕ ਕਹਿ ਦਿੱਤਾ ਸੀ ਕਿ ਉਹ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਧਾਨ ਸਭਾ ਚੋਣ ਨਹੀਂ ਲੜਣਗੇ। ਇਸ ਨਾਲ ਸੂਬਾ ਇਕਾਈ ਵਿੱਚ ਚੱਲ ਰਹੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਇਸ ਤੋਂ ਇਲਾਵਾ ਚੰਨੀ ਧੜੇ ਦੇ ਕੁਝ ਆਗੂ ਭੁਪੇਸ਼ ਬਘੇਲ ਦੀ ਭੂਮਿਕਾ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਬਘੇਲ ਇੱਕ ਖ਼ਾਸ ਧੜੇ ਦਾ ਪੱਖ ਪੂਰ ਰਹੇ ਹਨ, ਜਿਸ ਕਾਰਨ ਪਾਰਟੀ ਅੰਦਰ ਅਸੰਤੁਸ਼ਟੀ ਹੋਰ ਵਧੀ ਹੈ।
ਹੁਣ ਪੂਰਾ ਮਾਮਲਾ ਹਾਈਕਮਾਂਡ ਦੇ ਹੱਥ ਵਿੱਚ ਹੈ। ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਨੂੰ ਪੰਜਾਬ ਕਾਂਗਰਸ ਲਈ ਨਿਰਣਾਇਕ ਮੰਨਿਆ ਜਾ ਰਿਹਾ ਹੈ। ਇਸ ਬੈਠਕ ਵਿੱਚ ਲਏ ਜਾਣ ਵਾਲੇ ਫ਼ੈਸਲੇ ਨਾ ਸਿਰਫ਼ ਸੂਬਾ ਲੀਡਰਸ਼ਿਪ ਦੀ ਦਿਸ਼ਾ ਤੈਅ ਕਰਨਗੇ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਰਣਨੀਤੀ ਅਤੇ ਪਾਰਟੀ ਦੇ ਭਵਿੱਖ ‘ਤੇ ਵੀ ਸਿੱਧਾ ਪ੍ਰਭਾਵ ਪਾ ਸਕਦੇ ਹਨ।




