HomePunjab Newsਡਿਜੀਟਲ ਜਨਮ ਸਰਟੀਫਿਕੇਟ ਦੀ ਸ਼ਰਤ ਬਣੀ ਰੁਕਾਵਟ, 14 ਸਾਲ ਤੋਂ ਵੱਧ ਉਮਰ...

ਡਿਜੀਟਲ ਜਨਮ ਸਰਟੀਫਿਕੇਟ ਦੀ ਸ਼ਰਤ ਬਣੀ ਰੁਕਾਵਟ, 14 ਸਾਲ ਤੋਂ ਵੱਧ ਉਮਰ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਦਾਖਲੇ ਅਟਕੇ

ਪੰਜਾਬ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਹਜ਼ਾਰਾਂ ਵਿਦਿਆਰਥੀ ਇੱਕ ਗੰਭੀਰ ਪ੍ਰਸ਼ਾਸਕੀ ਸਮੱਸਿਆ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸੂਬਾ ਸਰਕਾਰ ਵੱਲੋਂ ਦਾਖਲੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰਨ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ, ਜਿਨ੍ਹਾਂ ਦੇ ਜਨਮ ਸਰਟੀਫਿਕੇਟਾਂ ਵਿੱਚ ਉਨ੍ਹਾਂ ਦਾ ਨਾਮ ਹੀ ਦਰਜ ਨਹੀਂ। ਕਈ ਸਰਟੀਫਿਕੇਟਾਂ ਵਿੱਚ ਨਾਮ ਦੀ ਥਾਂ ਕੇਵਲ “ਲੜਕਾ” ਜਾਂ “ਲੜਕੀ” ਦਰਜ ਹੈ, ਜਿਸ ਕਾਰਨ ਉਨ੍ਹਾਂ ਦੇ ਦਾਖਲੇ ਰੁਕ ਰਹੇ ਹਨ।

ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਸਿਹਤ ਵਿਭਾਗ ਦੇ ਮੌਜੂਦਾ ਡਿਜੀਟਲ ਸਿਸਟਮ ਅਨੁਸਾਰ 14 ਸਾਲ ਤੋਂ ਵੱਧ ਉਮਰ ਹੋ ਜਾਣ ਤੋਂ ਬਾਅਦ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਵਾਉਣ ਦੀ ਸਹੂਲਤ ਹੀ ਉਪਲਬਧ ਨਹੀਂ ਰਹਿੰਦੀ। ਇਸ ਕਾਰਨ ਉਹ ਵਿਦਿਆਰਥੀ, ਜਿਨ੍ਹਾਂ ਦੇ ਜਨਮ ਸਮੇਂ ਹਸਪਤਾਲਾਂ ਵੱਲੋਂ ਸਿਰਫ਼ “ਲੜਕਾ” ਜਾਂ “ਲੜਕੀ” ਲਿਖ ਕੇ ਰਜਿਸਟ੍ਰੇਸ਼ਨ ਕਰ ਦਿੱਤੀ ਗਈ ਸੀ, ਹੁਣ ਆਪਣੇ ਦਸਤਾਵੇਜ਼ਾਂ ਵਿੱਚ ਨਾਮ ਦਰਜ ਨਹੀਂ ਕਰਵਾ ਸਕਦੇ।

ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਵਿੱਚ ਜਗਜੀਤ ਸਿੰਘ ਵੀ ਸ਼ਾਮਲ ਹੈ, ਜਿਸ ਨੇ ਦਸਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ। ਭਾਵੇਂ ਉਸ ਦੀ ਜਨਮ ਮਿਤੀ 28 ਅਕਤੂਬਰ 2010 ਹੈ, ਪਰ ਉਸ ਦੇ ਡਿਜੀਟਲ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਨਹੀਂ। ਹੁਣ ਉਸ ਦੀ ਉਮਰ 14 ਸਾਲ ਤੋਂ ਵੱਧ ਹੋਣ ਕਾਰਨ ਸਿਹਤ ਵਿਭਾਗ ਦੇ ਪੋਰਟਲ ਰਾਹੀਂ ਨਾਮ ਜੋੜਨ ਲਈ ਅਰਜ਼ੀ ਵੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਨੰਦਨੀ ਅਤੇ ਹੋਰ ਕਈ ਵਿਦਿਆਰਥੀਆਂ ਦੇ ਸਾਹਮਣੇ ਵੀ ਇਹੋ ਜਿਹੀ ਸਮੱਸਿਆ ਖੜ੍ਹੀ ਹੈ।

ਮਾਪਿਆਂ ਦਾ ਕਹਿਣਾ ਹੈ ਕਿ ਜਨਮ ਵੇਲੇ ਹਸਪਤਾਲਾਂ ਨੇ ਬੱਚਿਆਂ ਦੇ ਨਾਮ ਦੀ ਥਾਂ ਸਿਰਫ਼ ਲਿੰਗ ਦਰਜ ਕਰਕੇ ਜਨਮ ਰਜਿਸਟ੍ਰੇਸ਼ਨ ਕਰ ਦਿੱਤੀ ਸੀ। ਉਸ ਸਮੇਂ ਇਸ ਗੱਲ ਦੀ ਮਹੱਤਤਾ ਦਾ ਅਹਿਸਾਸ ਨਹੀਂ ਸੀ, ਪਰ ਹੁਣ ਜਦੋਂ ਬੱਚੇ ਉੱਚੀਆਂ ਕਲਾਸਾਂ ਅਤੇ ਕਾਲਜਾਂ ਵਿੱਚ ਦਾਖਲਾ ਲੈਣ ਦੀ ਉਮਰ ਵਿੱਚ ਪਹੁੰਚੇ ਹਨ ਤਾਂ ਇਹ ਗਲਤੀ ਉਨ੍ਹਾਂ ਦੇ ਭਵਿੱਖ ਲਈ ਵੱਡੀ ਰੁਕਾਵਟ ਬਣ ਗਈ ਹੈ। ਮਾਪਿਆਂ ਦਾ ਸਵਾਲ ਹੈ ਕਿ ਜੇ ਸਰਟੀਫਿਕੇਟ ਵਿੱਚ ਨਾਮ ਹੀ ਦਰਜ ਨਹੀਂ ਹੋ ਸਕਦਾ ਤਾਂ ਬੱਚਿਆਂ ਦੀ ਅੱਗੇ ਦੀ ਪੜ੍ਹਾਈ ਕਿਵੇਂ ਜਾਰੀ ਰਹੇਗੀ।

ਸਿਹਤ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਨਿਯਮਾਂ ਮੁਤਾਬਕ ਜਨਮ ਤੋਂ 14 ਸਾਲ ਦੀ ਉਮਰ ਤੱਕ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਵਾਇਆ ਜਾ ਸਕਦਾ ਹੈ। ਇਹ ਪ੍ਰਬੰਧ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਕਾਨੂੰਨ ਦੀ ਧਾਰਾ 14 ਅਧੀਨ ਕੀਤਾ ਗਿਆ ਹੈ। ਪਰ 14 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਨਾਮ ਦਰਜ ਕਰਨ ਲਈ ਵਰਤੀ ਜਾਂਦੀ ਆਨਲਾਈਨ ਐਪਲੀਕੇਸ਼ਨ ਜਾਂ ਲਿੰਕ ਸਿਹਤ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਅਜਿਹੇ ਸਾਰੇ ਮਾਮਲੇ ਰੁਕ ਗਏ ਹਨ।

ਇਸ ਦਾ ਸਭ ਤੋਂ ਵੱਧ ਅਸਰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਪਾਸ ਕਰਕੇ ਅਗਲੀਆਂ ਕਲਾਸਾਂ ਜਾਂ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਉੱਤੇ ਪੈ ਰਿਹਾ ਹੈ। ਬਹੁਤੇ ਸਕੂਲ ਅਤੇ ਉੱਚ ਸਿੱਖਿਆ ਸੰਸਥਾਨ ਦਾਖਲੇ ਲਈ ਸਿਰਫ਼ ਉਹੀ ਡਿਜੀਟਲ ਜਨਮ ਸਰਟੀਫਿਕੇਟ ਸਵੀਕਾਰ ਕਰ ਰਹੇ ਹਨ, ਜਿਸ ਵਿੱਚ ਵਿਦਿਆਰਥੀ ਦਾ ਨਾਮ ਸਹੀ ਤਰੀਕੇ ਨਾਲ ਦਰਜ ਹੋਵੇ। ਇਸ ਕਾਰਨ ਹਜ਼ਾਰਾਂ ਪਰਿਵਾਰ ਅਣਸ਼ਚਿਤਤਾ ਅਤੇ ਚਿੰਤਾ ਵਿੱਚ ਹਨ।

ਪ੍ਰਭਾਵਿਤ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਦੇ ਪੋਰਟਲ ਉੱਤੇ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਨਾਮ ਦਰਜ ਕਰਨ ਦੀ ਸਹੂਲਤ ਤੁਰੰਤ ਮੁੜ ਸ਼ੁਰੂ ਕੀਤੀ ਜਾਵੇ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਸਕੂਲੀ ਰਿਕਾਰਡ, ਆਧਾਰ ਕਾਰਡ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਨਾਮ ਦਰਜ ਕਰਨ ਦੀ ਸਰਲ ਪ੍ਰਕਿਰਿਆ ਬਣਾਈ ਜਾਵੇ, ਤਾਂ ਜੋ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਸਿਰਫ਼ ਇੱਕ ਤਕਨੀਕੀ ਜਾਂ ਪ੍ਰਸ਼ਾਸਕੀ ਕਮੀ ਕਾਰਨ ਪ੍ਰਭਾਵਿਤ ਨਾ ਹੋਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments