ਪੰਜਾਬ ਅਤੇ ਹਰਿਆਣਾ ਵਿੱਚ ਐਤਵਾਰ ਨੂੰ ਗਰਮੀ ਅਤੇ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ ਚਾਰ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਰਿਕਾਰਡ ਕੀਤੀ ਗਈ, ਜਿੱਥੇ ਤਾਪਮਾਨ 40.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੂਜੇ ਪਾਸੇ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸਵੇਰੇ ਅਤੇ ਸ਼ਾਮ ਵੇਲੇ ਹੋਈ ਹਲਕੀ ਬਾਰਿਸ਼ ਕਾਰਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ, ਪਰ ਦਿਨ ਭਰ ਹੁੰਮਸ ਦਾ ਅਸਰ ਬਣਿਆ ਰਿਹਾ।
ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਤਾਪਮਾਨ ਆਮ ਨਾਲੋਂ ਉੱਚਾ ਰਿਹਾ। ਫਿਰੋਜ਼ਪੁਰ ਵਿੱਚ 37.3 ਡਿਗਰੀ, ਪਟਿਆਲਾ ਵਿੱਚ 36 ਡਿਗਰੀ, ਮੁਹਾਲੀ ਵਿੱਚ 36.4 ਡਿਗਰੀ, ਲੁਧਿਆਣਾ ਵਿੱਚ 34.8 ਡਿਗਰੀ ਅਤੇ ਅੰਮ੍ਰਿਤਸਰ ਵਿੱਚ 34.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਦੇ ਬਾਵਜੂਦ ਤਾਪਮਾਨ 36 ਡਿਗਰੀ ਸੈਲਸੀਅਸ ਰਿਹਾ।
ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਰੋਹਤਕ 40.3 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਦਕਿ ਹਿਸਾਰ ਵਿੱਚ 39.5 ਡਿਗਰੀ, ਨਾਰਨੌਲ ਵਿੱਚ 37 ਡਿਗਰੀ, ਫਤਿਹਾਬਾਦ ਵਿੱਚ 36.8 ਡਿਗਰੀ, ਅੰਬਾਲਾ ਵਿੱਚ 36.2 ਡਿਗਰੀ, ਗੁਰੂਗ੍ਰਾਮ ਵਿੱਚ 35.9 ਡਿਗਰੀ ਅਤੇ ਕਰਨਾਲ ਵਿੱਚ 35.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਖ਼ਤਰਨਾਕ ਰੂਪ ਧਾਰਨ ਕਰਨ ਦੇ ਸੰਕੇਤ ਦਿੱਤੇ ਹਨ। ਸ਼ਿਮਲਾ ਸਥਿਤ ਮੌਸਮ ਕੇਂਦਰ ਨੇ 20 ਅਤੇ 21 ਜੁਲਾਈ ਲਈ ਕਈ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਸੋਮਵਾਰ ਲਈ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ, ਜਦਕਿ ਮੰਗਲਵਾਰ ਲਈ ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸਿਰਮੌਰ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਚੇਤਾਵਨੀ ਦਿੱਤੀ ਗਈ ਹੈ।
ਰੈੱਡ ਅਲਰਟ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ ਕਮਲੇਸ਼ ਕੁਮਾਰ ਪੰਤ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ 24 ਘੰਟੇ ਚਾਲੂ ਰੱਖਣ, ਲੈਂਡਸਲਾਈਡ ਅਤੇ ਅਚਾਨਕ ਹੜ੍ਹ ਦੇ ਸੰਭਾਵਿਤ ਖੇਤਰਾਂ ਦੀ ਨਿਗਰਾਨੀ ਕਰਨ ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਲਈ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ., ਹੋਮ ਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾਵਾਂ ਨੂੰ ਵੀ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਨੌਰ ਜ਼ਿਲ੍ਹੇ ਦੇ ਰਕਸ਼ਮ ਖੇਤਰ ਵਿੱਚ ਮਸਤਰੰਗ ਨੇੜੇ ਆਏ ਹੜ੍ਹ ਕਾਰਨ ਸਾਂਗਲਾ-ਚਿਤਕੁਲ ਸੜਕ ਬੰਦ ਹੋ ਗਈ ਹੈ, ਜਦਕਿ ਪਠਾਨਕੋਟ-ਭਰਮੌਰ ਰਾਸ਼ਟਰੀ ਮਾਰਗ ਬੱਤੀ ਹੱਟੀ ਅਤੇ ਦੁਰਗੇਠੀ ਨੇੜੇ ਲੈਂਡਸਲਾਈਡ ਕਾਰਨ ਆਵਾਜਾਈ ਠੱਪ ਹੋ ਗਈ ਹੈ। ਇਸ ਤੋਂ ਇਲਾਵਾ ਚੰਬਾ-ਸ਼ਿਮਲਾ ਹਾਈਵੇਅ ‘ਤੇ ਪਨਿਆਲਾ ਨਾਲਾ ਨੇੜੇ ਵੀ ਪਹਾੜ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ। ਅਧਿਕਾਰੀ ਮਲਬਾ ਹਟਾ ਕੇ ਰਸਤੇ ਬਹਾਲ ਕਰਨ ਵਿੱਚ ਜੁਟੇ ਹੋਏ ਹਨ।
ਖ਼ਰਾਬ ਮੌਸਮ ਦੀ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਲੋੜ ਸਫ਼ਰ ਨਾ ਕਰਨ, ਨਦੀਆਂ, ਨਾਲਿਆਂ ਅਤੇ ਲੈਂਡਸਲਾਈਡ ਵਾਲੇ ਖੇਤਰਾਂ ਤੋਂ ਦੂਰ ਰਹਿਣ ਅਤੇ ਪਾਣੀ ਨਾਲ ਭਰੀਆਂ ਸੜਕਾਂ ਜਾਂ ਪੁਲਾਂ ਨੂੰ ਪਾਰ ਨਾ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਰਾਜ ਐਮਰਜੈਂਸੀ ਹੈਲਪਲਾਈਨ 1070 ਜਾਂ ਜ਼ਿਲ੍ਹਾ ਐਮਰਜੈਂਸੀ ਹੈਲਪਲਾਈਨ 1077 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।




