HomeSportਵਿਸ਼ਵ ਕੱਪ ਵਿੱਚ ਪੰਜਾਬ ਦੀ ਸ਼ਾਨ: ਭਾਰਤੀ ਹਾਕੀ ਟੀਮ 'ਚ ਅੱਠ ਪੰਜਾਬੀ...

ਵਿਸ਼ਵ ਕੱਪ ਵਿੱਚ ਪੰਜਾਬ ਦੀ ਸ਼ਾਨ: ਭਾਰਤੀ ਹਾਕੀ ਟੀਮ ‘ਚ ਅੱਠ ਪੰਜਾਬੀ ਖਿਡਾਰੀਆਂ ਨੂੰ ਮਿਲੀ ਜਗ੍ਹਾ, ਖ਼ਿਤਾਬ ਜਿੱਤਣ ਦੀਆਂ ਵਧੀਆਂ ਉਮੀਦਾਂ

ਨੀਦਰਲੈਂਡ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ ਐੱਫ.ਆਈ.ਐੱਚ. ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਭਾਰਤੀ ਹਾਕੀ ਵਿੱਚ ਪੰਜਾਬ ਦਾ ਯੋਗਦਾਨ ਅੱਜ ਵੀ ਸਭ ਤੋਂ ਮਜ਼ਬੂਤ ਅਤੇ ਅਹਿਮ ਹੈ। ਹਾਕੀ ਪ੍ਰੇਮੀਆਂ ਵਿੱਚ ਟੀਮ ਦੇ ਐਲਾਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਦੇਸ਼ ਨੂੰ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।

ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਵਾਲੇ ਪੰਜਾਬ ਦੇ ਖਿਡਾਰੀਆਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ, ਹਰਦਿਕ ਸਿੰਘ, ਮਨਦੀਪ ਸਿੰਘ ਅਤੇ ਸੁਖਜੀਤ ਸਿੰਘ ਜਲੰਧਰ ਨਾਲ ਸਬੰਧਤ ਹਨ, ਜਦਕਿ ਹੋਰ ਖਿਡਾਰੀਆਂ ਦਾ ਵੀ ਜਲੰਧਰ ਦੇ ਸਰਜੀਤ ਹਾਕੀ ਸਟੇਡੀਅਮ ਨਾਲ ਗਹਿਰਾ ਨਾਤਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਆਪਣੀ ਖੇਡ ਨੂੰ ਨਿਖਾਰਿਆ।

ਮਨਪ੍ਰੀਤ ਸਿੰਘ, ਜੋ ਹਾਲ ਹੀ ਵਿੱਚ ਭਾਰਤ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣੇ ਹਨ, ਇਸ ਟੀਮ ਦੇ ਸਭ ਤੋਂ ਤਜ਼ਰਬੇਕਾਰ ਮੈਂਬਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਵਿਸ਼ਾਲ ਅਨੁਭਵ ਅਤੇ ਮੈਦਾਨ ‘ਤੇ ਸ਼ਾਂਤ ਸੁਭਾਅ ਭਾਰਤੀ ਟੀਮ ਲਈ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਵੀ ਇੱਕ ਵਾਰ ਫਿਰ ਟੀਮ ਨੂੰ ਅਗਵਾਈ ਦਿੰਦਿਆਂ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

ਸੁਖਜੀਤ ਸਿੰਘ ਦੀ ਕਹਾਣੀ ਵੀ ਪ੍ਰੇਰਣਾ ਨਾਲ ਭਰੀ ਹੋਈ ਹੈ। ਕੁਝ ਸਾਲ ਪਹਿਲਾਂ ਉਹ ਅਧਰੰਗ ਵਰਗੀ ਗੰਭੀਰ ਸਿਹਤ ਸਮੱਸਿਆ ਨਾਲ ਜੂਝੇ ਸਨ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਖ਼ਤ ਮਿਹਨਤ ਨਾਲ ਦੁਬਾਰਾ ਰਾਸ਼ਟਰੀ ਟੀਮ ਵਿੱਚ ਵਾਪਸੀ ਕੀਤੀ। ਪੈਰਿਸ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਹਰ ਸਫ਼ਲਤਾ ਦੇ ਪਿੱਛੇ ਲੰਮਾ ਸੰਘਰਸ਼ ਅਤੇ ਅਟੁੱਟ ਵਿਸ਼ਵਾਸ ਹੁੰਦਾ ਹੈ।

ਟੀਮ ਦੀ ਚੋਣ ‘ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਖੁਸ਼ੀ ਜਤਾਈ ਅਤੇ ਚੁਣੇ ਗਏ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਮਾਣ ਦੀ ਗੱਲ ਹੈ ਕਿ ਇੱਕ ਵਾਰ ਫਿਰ ਰਾਸ਼ਟਰੀ ਟੀਮ ਵਿੱਚ ਪੰਜਾਬ ਦੇ ਇੰਨੇ ਵੱਡੀ ਗਿਣਤੀ ਵਿੱਚ ਖਿਡਾਰੀ ਸ਼ਾਮਲ ਹਨ। ਉਨ੍ਹਾਂ ਖ਼ਾਸ ਤੌਰ ‘ਤੇ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਅਤੇ ਮਨਪ੍ਰੀਤ ਸਿੰਘ ਦੇ ਵਿਸ਼ਾਲ ਤਜਰਬੇ ਨੂੰ ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ।

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਭਾਰਤੀ ਟੀਮ ਵਿੱਚ ਤਜ਼ਰਬੇਕਾਰ ਸੀਨੀਅਰ ਖਿਡਾਰੀਆਂ ਅਤੇ ਉਭਰਦੇ ਨੌਜਵਾਨਾਂ ਦਾ ਸ਼ਾਨਦਾਰ ਸੰਤੁਲਨ ਹੈ, ਜੋ ਟੀਮ ਨੂੰ ਵਿਸ਼ਵ ਕੱਪ ਵਿੱਚ ਮਜ਼ਬੂਤ ਦਾਅਵੇਦਾਰ ਬਣਾਉਂਦਾ ਹੈ। ਹਾਕੀ ਪ੍ਰੇਮੀਆਂ ਨੂੰ ਆਸ ਹੈ ਕਿ ਭਾਰਤੀ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਕੇ ਦੇਸ਼ ਦਾ ਮਾਣ ਹੋਰ ਵਧਾਏਗੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments