ਛੇ ਹਫ਼ਤਿਆਂ ਤੱਕ ਚੱਲੇ ਜਸ਼ਨਾਂ ਨੇ ਰਚਿਆ ਇਤਿਹਾਸ, 100 ਤੋਂ ਵੱਧ ਮੈਚਾਂ ਦਾ ਹੋਇਆ ਸਿੱਧਾ ਪ੍ਰਸਾਰਣ
ਸਰੀ (ਬੀ.ਸੀ.) – ਸਿਟੀ ਆਫ਼ ਸਰੀ ਵੱਲੋਂ ਫੀਫਾ ਵਿਸ਼ਵ ਕੱਪ 2026™ ਮੌਕੇ ਆਯੋਜਿਤ ਕੀਤੇ ਗਏ ਸੌਕਰ ਫੈਨ ਜ਼ੋਨਾਂ ਨੇ ਲੋਕਾਂ ਦੇ ਉਤਸ਼ਾਹ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਛੇ ਹਫ਼ਤਿਆਂ ਤੱਕ ਸਰੀ ਦੇ ਚਾਰ ਵੱਖ-ਵੱਖ ਸਥਾਨਾਂ ‘ਤੇ ਚੱਲੇ ਇਨ੍ਹਾਂ ਮੁਫ਼ਤ ਸਮਾਗਮਾਂ ਵਿੱਚ 1 ਲੱਖ 75 ਹਜ਼ਾਰ ਤੋਂ ਵੱਧ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕਰਕੇ ਸਿਟੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਨਤਕ ਜਸ਼ਨ ਬਣਾਇਆ।
ਫੈਨ ਜ਼ੋਨਾਂ ਦੀ ਸ਼ੁਰੂਆਤ 12 ਜੂਨ ਨੂੰ ਸਰੀ ਸਿਵਿਕ ਪਲਾਜ਼ਾ ਤੋਂ ਕੈਨੇਡਾ ਦੇ ਪਹਿਲੇ ਵਿਸ਼ਵ ਕੱਪ ਮੈਚ ਦੇ ਪ੍ਰਸਾਰਣ ਨਾਲ ਹੋਈ। ਇਸ ਉਪਰੰਤ ਕਲੋਵਰਡੇਲ ਐਗਰੀਪਲੈਕਸ, ਸਾਊਥ ਸਰੀ ਐਥਲੈਟਿਕ ਪਾਰਕ ਅਤੇ ਹਾਲੈਂਡ ਪਾਰਕ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਨ੍ਹਾਂ ਫੈਨ ਜ਼ੋਨਾਂ ਵਿੱਚ ਵਿਸ਼ਵ ਕੱਪ ਦੇ 100 ਤੋਂ ਵੱਧ ਮੈਚਾਂ ਦਾ ਵੱਡੀਆਂ ਸਕ੍ਰੀਨਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।
ਖੇਡ ਮੁਕਾਬਲਿਆਂ ਤੋਂ ਇਲਾਵਾ ਲਾਈਵ ਸੱਭਿਆਚਾਰਕ ਪੇਸ਼ਕਾਰੀਆਂ, ਪਰਿਵਾਰਾਂ ਲਈ ਮਨੋਰੰਜਕ ਗਤੀਵਿਧੀਆਂ, ਕਮਿਊਨਿਟੀ ਪ੍ਰਦਰਸ਼ਨੀਆਂ ਅਤੇ ਫੂਡ ਟਰੱਕ ਵੀ ਲੋਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹੇ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ ਵਰਗਾ ਇਤਿਹਾਸਕ ਸਮਾਗਮ ਇੱਕ ਪੀੜ੍ਹੀ ਵਿੱਚ ਕਦੇ-ਕਦਾਈਂ ਹੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਿਟੀ ਦਾ ਉਦੇਸ਼ ਸੀ ਕਿ ਹਰ ਵਸਨੀਕ ਬਿਨਾਂ ਟਿਕਟ ਦੇ ਵੀ ਇਸ ਵਿਸ਼ਵ ਪੱਧਰੀ ਜਸ਼ਨ ਦਾ ਹਿੱਸਾ ਬਣ ਸਕੇ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਾਜ਼ਰੀ ਭਰਨ ਵਾਲੇ ਲੋਕਾਂ, ਸੇਵਾਦਾਰਾਂ, ਕਮਿਊਨਿਟੀ ਭਾਈਵਾਲਾਂ ਅਤੇ ਬੀ.ਸੀ. ਸਰਕਾਰ ਦਾ ਧੰਨਵਾਦ ਕੀਤਾ।
ਸਿਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਟੂਰਨਾਮੈਂਟ ਦੌਰਾਨ 75 ਤੋਂ ਵੱਧ ਸਥਾਨਕ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ, 50 ਤੋਂ ਵੱਧ ਕਮਿਊਨਿਟੀ ਸੰਸਥਾਵਾਂ ਨੇ ਭਾਗ ਲਿਆ ਅਤੇ 250 ਤੋਂ ਵੱਧ ਸੇਵਾਦਾਰਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਕੇ ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਸਿਟੀ ਆਫ਼ ਸਰੀ ਦਾ ਕਹਿਣਾ ਹੈ ਕਿ ਫੀਫਾ ਵਿਸ਼ਵ ਕੱਪ 2026™ ਫੈਨ ਜ਼ੋਨਾਂ ਨੇ ਨਾ ਸਿਰਫ਼ ਖੇਡ ਪ੍ਰੇਮੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ, ਸਗੋਂ ਸਰੀ ਦੀ ਸੱਭਿਆਚਾਰਕ ਵਿਭਿੰਨਤਾ, ਕਮਿਊਨਿਟੀ ਏਕਤਾ ਅਤੇ ਮੇਜ਼ਬਾਨੀ ਦੀ ਵਿਲੱਖਣ ਪਛਾਣ ਨੂੰ ਵੀ ਵਿਸ਼ਵ ਪੱਧਰ ‘ਤੇ ਉਭਾਰਿਆ।




