ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਫੈਨ ਭੰਗੜੇ ਦੇ ਆਰਟਸ ਅਕੈਡਮੀ ਵੱਲੋਂ ਅੱਜ ਦਿ ਗ੍ਰੈਂਡ ਐਮਪਾਇਰ ਬੈਂਕੁਏਟ ਹਾਲ, 12888 – 80 ਐਵੇਨਿਊ, ਸਰੀ ਵਿਖੇ ਕਰਵਾਇਆ ਗਿਆ “ਭੰਗੜਾ-ਗਿੱਧਾ ਸਮਰ ਫੈਸਟ 2026” ਬਹੁਤ ਹੀ ਸ਼ਾਨਦਾਰ ਅਤੇ ਰੰਗਾਰੰਗ ਮਾਹੌਲ ਵਿੱਚ ਸੰਪੰਨ ਹੋਇਆ।
ਸਮਾਗਮ ਦੌਰਾਨ ਅਕੈਡਮੀ ਦੇ ਬੱਚਿਆਂ ਨੇ ਭੰਗੜੇ, ਗਿੱਧੇ ਅਤੇ ਕੋਰੀਓਗ੍ਰਾਫੀ ਦੀਆਂ ਮਨਮੋਹਕ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਨੂੰ ਖੂਬ ਮੰਤਰਮੁਗਧ ਕੀਤਾ। ਨੰਨੇ ਕਲਾਕਾਰਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਸਮਰਪਣ ਨੇ ਹਾਜ਼ਰੀਨ ਵੱਲੋਂ ਭਰਪੂਰ ਤਾੜੀਆਂ ਅਤੇ ਸ਼ਲਾਘਾ ਹਾਸਲ ਕੀਤੀ।
ਪੂਰੇ ਪ੍ਰੋਗਰਾਮ ਦੌਰਾਨ ਹਾਲ ਵਿੱਚ ਮੌਜੂਦ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਹੋਇਆ। ਇਸ ਦੇ ਨਾਲ ਹੀ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਅਤੇ ਪਹਿਚਾਣ ਨੂੰ ਵੀ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਆਪਣੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖ ਕੇ ਮਾਪਿਆਂ ਵਿੱਚ ਵੀ ਖਾਸਾ ਉਤਸ਼ਾਹ ਅਤੇ ਮਾਣ ਦੇਖਣ ਨੂੰ ਮਿਲਿਆ।
ਇਹ ਸਫਲ ਸਮਾਗਮ ਫੈਨ ਭੰਗੜੇ ਦੇ ਆਰਟਸ ਅਕੈਡਮੀ ਦੇ ਪ੍ਰਬੰਧਕ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਨ੍ਹਾਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਪੇਸ਼ ਕੀਤਾ। ਹਾਜ਼ਰੀਨ ਨੇ ਅਕੈਡਮੀ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਤਭੂਮੀ ਦੇ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।




