ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਧੀਰਜ ਕੁਮਾਰ ਹੁਣ ਆਪਣੀ ਨਵੀਂ ਪੰਜਾਬੀ ਫਿਲਮ ਨਾਲ ਦਰਸ਼ਕਾਂ ਦੇ ਸਾਹਮਣੇ ਆਉਣ ਲਈ ਤਿਆਰ ਹਨ। ਉਨ੍ਹਾਂ ਦੀ ਇਸ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਰਸਮੀ ਐਲਾਨ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਧੀਰਜ ਕੁਮਾਰ ਪਹਿਲੀ ਵਾਰ ਸੋਲੋ ਹੀਰੋ ਵਜੋਂ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਫਿਲਮ ‘ਹੋਪ ਫਿਲਮ ਸਟੂਡੀਓਜ਼’ ਅਤੇ ‘ਡੀਆਰ ਫਿਲਮਸ’ ਦੇ ਬੈਨਰ ਹੇਠ ਸਾਂਝੇ ਤੌਰ ’ਤੇ ਤਿਆਰ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਮਾਣ ਪਲਵੀਰ ਗਰੇਵਾਲ ਅਤੇ ਖੁਦ ਧੀਰਜ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ। ਨਿਰਮਾਤਾ ਵਜੋਂ ਵੀ ਧੀਰਜ ਕੁਮਾਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਨਵੀਂ ਪਛਾਣ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਫਿਲਮ ਪਿਆਰ, ਰਿਸ਼ਤਿਆਂ ਅਤੇ ਪਰਿਵਾਰਕ ਜਜ਼ਬਾਤਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ। ਫਿਲਮ ਦੀ ਕਹਾਣੀ ਮਨੁੱਖੀ ਰਿਸ਼ਤਿਆਂ ਦੀਆਂ ਗਹਿਰਾਈਆਂ ਅਤੇ ਪਰਿਵਾਰਕ ਮੁੱਲਾਂ ਨੂੰ ਭਾਵਨਾਤਮਕ ਢੰਗ ਨਾਲ ਪੇਸ਼ ਕਰੇਗੀ। ਫਿਲਮ ਦਾ ਨਿਰਦੇਸ਼ਨ ਕਿਰਪਾਲ ਸੇਨ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਪ੍ਰੋਜੈਕਟ ਨੂੰ ਆਪਣੀ ਵਿਲੱਖਣ ਸਿਰਜਣਾਤਮਕ ਸੋਚ ਨਾਲ ਦਰਸ਼ਕਾਂ ਤੱਕ ਪਹੁੰਚਾਉਣਗੇ।
ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਾਵੀ ਧੀਰਜ ਕੁਮਾਰ, ਇੰਦਰ ਬਾਜਵਾ, ਸ਼ਹਿਨਾਜ਼ ਸੇਹਰ, ਗੁਰਿੰਦਰ ਮਕਣਾ, ਕੁਮਾਰ ਅਜੇ, ਹਰਮੀਤ ਜੱਸੀ ਅਤੇ ਅਨੂਪ ਸਿੰਘ ਧੀਮਾਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਨਿਰਮਾਤਾਵਾਂ ਅਨੁਸਾਰ, ਇਹ ਫਿਲਮ ਆਮ ਮੇਨਸਟ੍ਰੀਮ ਫਿਲਮਾਂ ਤੋਂ ਹਟ ਕੇ ਇੱਕ ਵੱਖਰੇ ਅੰਦਾਜ਼ ਵਿੱਚ ਤਿਆਰ ਕੀਤੀ ਜਾ ਰਹੀ ਹੈ। ਫਿਲਮ ਦੀ ਕਹਾਣੀ, ਕਿਰਦਾਰਾਂ ਅਤੇ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਇੱਕ ਨਵਾਂ ਸਿਨੇਮਾਈ ਅਨੁਭਵ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਮੋਹਾਲੀ ਅਤੇ ਖਰੜ੍ਹ ਸਮੇਤ ਹੋਰ ਇਲਾਕਿਆਂ ਵਿੱਚ ਕੀਤੀ ਜਾਵੇਗੀ। ਧੀਰਜ ਕੁਮਾਰ ਇਸ ਪ੍ਰੋਜੈਕਟ ਰਾਹੀਂ ਨਾ ਸਿਰਫ਼ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ, ਸਗੋਂ ਨਿਰਮਾਤਾ ਵਜੋਂ ਵੀ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਹੋਰ ਵਧਾ ਰਹੇ ਹਨ।
ਧੀਰਜ ਕੁਮਾਰ ਇਨ੍ਹੀਂ ਦਿਨੀਂ ਕਈ ਹੋਰ ਵੱਡੇ ਫਿਲਮੀ ਪ੍ਰੋਜੈਕਟਾਂ ਅਤੇ ਵੈੱਬ ਸੀਰੀਜ਼ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੇ ਕੁਝ ਪ੍ਰੋਜੈਕਟਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਦਕਿ ਕਈ ਹੋਰ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਹੋਣ ਵੱਲ ਵੱਧ ਰਹੇ ਹਨ। ਨਵੀਂ ਫਿਲਮ ਨਾਲ ਦਰਸ਼ਕਾਂ ਨੂੰ ਉਨ੍ਹਾਂ ਦੀ ਇੱਕ ਨਵੀਂ ਅਤੇ ਪ੍ਰਭਾਵਸ਼ਾਲੀ ਭੂਮਿਕਾ ਦੇਖਣ ਨੂੰ ਮਿਲੇਗੀ।




