HomePunjab Newsਸੰਗਰੂਰ ਭਾਜਪਾ ਦਫ਼ਤਰ ਹਮਲਾ ਮਾਮਲਾ ਸੁਲਝਿਆ: 24 ਘੰਟਿਆਂ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ,...

ਸੰਗਰੂਰ ਭਾਜਪਾ ਦਫ਼ਤਰ ਹਮਲਾ ਮਾਮਲਾ ਸੁਲਝਿਆ: 24 ਘੰਟਿਆਂ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ, ਵਿਦੇਸ਼ੀ ਹੈਂਡਲਰ ਦੇ ਕਹਿਣ ’ਤੇ ਕੀਤੀ ਸੀ ਵਾਰਦਾਤ; UAPA ਤਹਿਤ ਕੇਸ ਦਰਜ

ਸੰਗਰੂਰ: ਸੰਗਰੂਰ ਸਥਿਤ ਭਾਜਪਾ ਦੇ ਜ਼ਿਲ੍ਹਾ ਦਫ਼ਤਰ ’ਤੇ ਪੈਟਰੋਲ ਬੰਬ ਸੁੱਟ ਕੇ ਹਮਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਘਟਨਾ ਦੇ 24 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੋਵਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਨੌਜਵਾਨ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਸਨ, ਜਿਸ ਨੇ ਹਮਲੇ ਦੀ ਵੀਡੀਓ ਭੇਜਣ ਦੇ ਬਦਲੇ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਸੀ, ਪਰ ਉਨ੍ਹਾਂ ਦੇ ਖਾਤੇ ਵਿੱਚ ਸਿਰਫ਼ 2200 ਰੁਪਏ ਹੀ ਭੇਜੇ ਗਏ।

ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 26 ਜੁਲਾਈ ਦੀ ਰਾਤ ਕਰੀਬ 2:35 ਵਜੇ ਦੋ ਨੌਜਵਾਨ ਪੈਦਲ ਭਾਜਪਾ ਦਫ਼ਤਰ ਨੇੜੇ ਪਹੁੰਚੇ। ਉਨ੍ਹਾਂ ਨੇ ਇੱਕ ਬੋਤਲ ’ਤੇ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਕੰਧ ਦੇ ਉੱਪਰੋਂ ਦਫ਼ਤਰ ਦੀ ਇਮਾਰਤ ਵੱਲ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਦੇ ਅਨੁਸਾਰ, ਇਸ ਕਾਰਵਾਈ ਦਾ ਮਕਸਦ ਦਫ਼ਤਰ ਨੂੰ ਨੁਕਸਾਨ ਪਹੁੰਚਾਉਣਾ ਅਤੇ ਇਲਾਕੇ ਦਾ ਮਾਹੌਲ ਖ਼ਰਾਬ ਕਰਨਾ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲੀਸ ਨੇ ਤੁਰੰਤ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ। ਐੱਸ.ਪੀ. (ਇਨਵੈਸਟੀਗੇਸ਼ਨ) ਦਵਿੰਦਰ ਅਤਰੀ ਦੀ ਅਗਵਾਈ ਹੇਠ ਕਈ ਡੀਐੱਸਪੀ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੀ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਈ।

ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਹੈਪੀ ਸਿੰਘ ਉਰਫ਼ ਹੈਪੀ ਬਾਸੀ, ਵਾਸੀ ਪਿੰਡ ਭੰਮਾਬਦੀ (ਥਾਣਾ ਲੌਂਗੋਵਾਲ), ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ, ਵਾਸੀ ਸ਼ਹੀਦ ਊਧਮ ਸਿੰਘ ਬਸਤੀ, ਲਹਿਰਾ ਵਜੋਂ ਹੋਈ ਹੈ।

ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਵਿੱਚ ਰਹਿੰਦੇ ਰਾਣਾ ਭਾਊ ਨਾਮਕ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ। ਉਸ ਨੇ ਹਮਲੇ ਨੂੰ ਅੰਜਾਮ ਦੇਣ ਅਤੇ ਘਟਨਾ ਦੀ ਵੀਡੀਓ ਰਿਕਾਰਡ ਕਰਕੇ ਭੇਜਣ ਦੇ ਬਦਲੇ ਉਨ੍ਹਾਂ ਨੂੰ ਵੱਡੀ ਰਕਮ ਦੇਣ ਦਾ ਭਰੋਸਾ ਦਿੱਤਾ ਸੀ। ਹਾਲਾਂਕਿ, ਮੁਲਜ਼ਮਾਂ ਨੂੰ ਸਿਰਫ਼ ਦੋ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ 1200 ਰੁਪਏ ਅਤੇ 1000 ਰੁਪਏ, ਕੁੱਲ 2200 ਰੁਪਏ ਹੀ ਭੇਜੇ ਗਏ।

ਪੁਲੀਸ ਅਨੁਸਾਰ, ਮੁਲਜ਼ਮਾਂ ਨੇ ਰਾਣਾ ਭਾਊ ਦੇ ਕਹਿਣ ’ਤੇ ਵਾਰਦਾਤ ਦੀ ਵੀਡੀਓ ਵੀ ਬਣਾਈ ਸੀ, ਤਾਂ ਜੋ ਉਸ ਨੂੰ ਭੇਜ ਕੇ ਬਾਕੀ ਰਕਮ ਹਾਸਲ ਕੀਤੀ ਜਾ ਸਕੇ। ਜਾਂਚ ਟੀਮ ਹੁਣ ਰਾਣਾ ਭਾਊ ਦੇ ਸੋਸ਼ਲ ਮੀਡੀਆ ਅਕਾਊਂਟ, ਯੂਪੀਆਈ ਟਰਾਂਜ਼ੈਕਸ਼ਨਾਂ ਅਤੇ ਹੋਰ ਡਿਜ਼ੀਟਲ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਵਿਦੇਸ਼ੀ ਸੰਪਰਕ ਅਤੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਵੀ ਮਾਮਲਾ ਦਰਜ ਕੀਤਾ ਹੈ। ਪੁਲੀਸ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ, ਤਾਂ ਜੋ ਇਸ ਸਾਜ਼ਿਸ਼ ਨਾਲ ਜੁੜੇ ਹੋਰ ਲੋਕਾਂ ਅਤੇ ਵਿਦੇਸ਼ੀ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

ਪੁਲੀਸ ਨੇ ਇਹ ਵੀ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਉਮਰ 22 ਸਾਲ ਅਤੇ 25 ਸਾਲ ਹੈ। ਫ਼ਿਲਹਾਲ ਜਾਂਚ ਵਿੱਚ ਉਨ੍ਹਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ, ਪਰ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments