ਨਾਭਾ/ਗਲਾਸਗੋ: ਪੰਜਾਬ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਵੇਟਲਿਫਟਰ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਗਲਾਸਗੋ ਵਿੱਚ ਹੋਏ ਮਹਿਲਾਵਾਂ ਦੇ 69 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਨਤੀਜੇ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 1 ਵਜੇ ਐਲਾਨੇ ਗਏ, ਜਿਸ ਤੋਂ ਬਾਅਦ ਨਾਭਾ ਵਿੱਚ ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਮੁਕਾਬਲੇ ਵਿੱਚ ਕੈਨੇਡਾ ਦੀ ਚਰਲੇਟ ਸੀਮੋਨ ਨੇ ਕੁੱਲ 240 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ, ਜਦਕਿ ਆਸਟਰੇਲੀਆ ਦੀ ਨਯਾ ਫੇਬ ਹੇਮਨ ਨੇ 218 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਕੌਰ ਨੇ ਸਨੈਚ ਅਤੇ ਕਲੀਨ ਐਂਡ ਜਰਕ ਦੋਵਾਂ ਰਾਊਂਡਾਂ ਵਿੱਚ ਸੰਤੁਲਿਤ ਪ੍ਰਦਰਸ਼ਨ ਕਰਦਿਆਂ ਪੋਡੀਅਮ ‘ਤੇ ਆਪਣੀ ਜਗ੍ਹਾ ਪੱਕੀ ਕੀਤੀ ਅਤੇ ਭਾਰਤ ਨੂੰ ਇੱਕ ਹੋਰ ਅਹਿਮ ਤਗ਼ਮਾ ਦਿਵਾਇਆ।
ਹਰਜਿੰਦਰ ਦੀ ਇਸ ਉਪਲਬਧੀ ‘ਤੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਹਰਜਿੰਦਰ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਉਹ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਲਈ ਹੋਰ ਸਫਲਤਾਵਾਂ ਹਾਸਲ ਕਰੇ।
ਹਰਜਿੰਦਰ ਦੀ ਜਿੱਤ ਦੇ ਪਿੱਛੇ ਸਾਲਾਂ ਦਾ ਸੰਘਰਸ਼ ਅਤੇ ਪਰਿਵਾਰ ਦੀ ਕੁਰਬਾਨੀ ਛੁਪੀ ਹੋਈ ਹੈ। ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੇ ਆਪਣੇ ਭਰਾ ਪ੍ਰਿਤਪਾਲ ਸਿੰਘ ਨਾਲ ਫ਼ੋਨ ‘ਤੇ ਗੱਲ ਕਰਕੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੋਨੇ ਜਾਂ ਚਾਂਦੀ ਦਾ ਤਗ਼ਮਾ ਜ਼ਰੂਰ ਜਿੱਤੇਗੀ। ਉਸ ਦਾ ਇਹ ਭਰੋਸਾ ਸਹੀ ਸਾਬਤ ਹੋਇਆ ਅਤੇ ਉਹ ਚਾਂਦੀ ਦਾ ਤਗ਼ਮਾ ਜਿੱਤ ਕੇ ਵਾਪਸ ਪਰਤੀ।
ਹਰਜਿੰਦਰ ਦੇ ਪਿਤਾ ਸਾਹਿਬ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਆਪਣੀ ਧੀ ਦੀ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਕਦੇ ਵੀ ਮਜ਼ਬੂਤ ਨਹੀਂ ਰਹੀ। ਧੀ ਦੀ ਸਿਖਲਾਈ, ਖੁਰਾਕ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਲੋੜੀਂਦੇ ਖਰਚੇ ਪੂਰੇ ਕਰਨ ਵਾਸਤੇ ਉਨ੍ਹਾਂ ਨੇ ਕਈ ਵਾਰ ਕਰਜ਼ਾ ਵੀ ਲਿਆ, ਪਰ ਧੀ ਦੇ ਸੁਪਨਿਆਂ ਨੂੰ ਕਦੇ ਟੁੱਟਣ ਨਹੀਂ ਦਿੱਤਾ।
ਹਰਜਿੰਦਰ ਦਾ ਬਚਪਨ ਵੀ ਕਾਫ਼ੀ ਸੰਘਰਸ਼ ਭਰਿਆ ਰਿਹਾ। ਉਹ ਹਰ ਰੋਜ਼ ਪਿੰਡ ਮੈਹਸ ਤੋਂ ਨਾਭਾ ਤੱਕ ਲਗਭਗ ਪੰਜ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਜਾਂਦੀ ਸੀ। ਕਈ ਵਾਰ ਰਸਤੇ ਵਿੱਚ ਸਾਈਕਲ ਪੈਂਚਰ ਹੋ ਜਾਂਦਾ ਸੀ, ਪਰ ਉਹ ਘਰ ਦੀ ਆਰਥਿਕ ਸਥਿਤੀ ਨੂੰ ਸਮਝਦਿਆਂ ਕਦੇ ਸ਼ਿਕਾਇਤ ਨਹੀਂ ਕਰਦੀ ਸੀ ਅਤੇ ਚੁੱਪਚਾਪ ਸਾਈਕਲ ਘਰ ਤੱਕ ਲੈ ਆਉਂਦੀ ਸੀ।
ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਹਰਜਿੰਦਰ ਆਪਣੇ ਪਿਤਾ ਦਾ ਖੇਤਾਂ ਵਿੱਚ ਹੱਥ ਵੀ ਵਟਾਉਂਦੀ ਸੀ ਅਤੇ ਘਰ ਦੇ ਪਸ਼ੂਆਂ ਦੀ ਦੇਖਭਾਲ ਵਿੱਚ ਵੀ ਸਹਿਯੋਗ ਕਰਦੀ ਸੀ। ਉਸ ਦਾ ਖੇਡ ਸਫ਼ਰ ਗਿਆਰਵੀਂ ਜਮਾਤ ਦੌਰਾਨ ਸ਼ੁਰੂ ਹੋਇਆ। ਪਹਿਲਾਂ ਉਹ ਕਬੱਡੀ ਖੇਡਦੀ ਸੀ, ਪਰ ਉਸ ਦੇ ਪਹਿਲੇ ਕੋਚ ਪਰਮਜੀਤ ਸ਼ਰਮਾ ਨੇ ਉਸ ਦੀ ਸਰੀਰਕ ਤਾਕਤ ਨੂੰ ਦੇਖਦਿਆਂ ਪਹਿਲਾਂ ਰੱਸਾਕਸ਼ੀ ਅਤੇ ਬਾਅਦ ਵਿੱਚ ਵੇਟਲਿਫਟਿੰਗ ਵੱਲ ਪ੍ਰੇਰਿਤ ਕੀਤਾ।
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਰਜਿੰਦਰ ਨੇ ਵੇਟਲਿਫਟਿੰਗ ਛੱਡਣ ਦਾ ਮਨ ਬਣਾ ਲਿਆ ਸੀ। ਉਸ ਨੂੰ ਚਿੰਤਾ ਸੀ ਕਿ ਇਸ ਖੇਡ ਨਾਲ ਉਸ ਦੇ ਸਰੀਰ ਦੀ ਬਣਤਰ ਬਦਲ ਜਾਵੇਗੀ। ਪਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਸੁਪਨਿਆਂ ‘ਤੇ ਧਿਆਨ ਦੇਵੇ, ਨਾ ਕਿ ਲੋਕਾਂ ਦੀਆਂ ਗੱਲਾਂ ‘ਤੇ। ਇਹੀ ਹੌਸਲਾ ਉਸ ਦੇ ਜੀਵਨ ਦਾ ਵੱਡਾ ਮੋੜ ਬਣਿਆ।
ਪਰਿਵਾਰ ਨੇ ਆਰਥਿਕ ਤੰਗੀ ਦੇ ਬਾਵਜੂਦ ਪੜ੍ਹਾਈ ਅਤੇ ਖੇਡ ਦੋਵਾਂ ਨੂੰ ਬਰਾਬਰ ਤਰਜੀਹ ਦਿੱਤੀ। ਹਰਜਿੰਦਰ ਦੇ ਭਰਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਸਿੱਖਿਆ ਅਤੇ ਮਿਹਨਤ ਦਾ ਰਾਹ ਕਦੇ ਨਹੀਂ ਛੱਡਣਾ ਚਾਹੀਦਾ। ਇਸੇ ਸੋਚ ਨੇ ਪਰਿਵਾਰ ਨੂੰ ਮੁਸ਼ਕਲਾਂ ਵਿੱਚ ਵੀ ਅੱਗੇ ਵਧਣ ਦੀ ਤਾਕਤ ਦਿੱਤੀ।
ਹਰਜਿੰਦਰ ਨੂੰ ਤਾਕਤ ਵਾਲੀਆਂ ਖੇਡਾਂ ਦਾ ਸ਼ੌਕ ਵੀ ਪਰਿਵਾਰ ਤੋਂ ਹੀ ਮਿਲਿਆ। ਉਸ ਦੇ ਪਿਤਾ ਸਾਹਿਬ ਸਿੰਘ ਆਪਣੇ ਜਵਾਨੀ ਦੇ ਦਿਨਾਂ ਵਿੱਚ ਪਿੰਡ ਪੱਧਰ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ। ਅੱਜ ਹਰਜਿੰਦਰ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਕਰ ਰਹੀ ਹੈ ਅਤੇ ਉਸ ਦਾ ਭਰਾ ਵੀ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ। ਸਾਲਾਂ ਦੇ ਸੰਘਰਸ਼ ਤੋਂ ਬਾਅਦ ਪਰਿਵਾਰ ਹੁਣ ਆਰਥਿਕ ਤੌਰ ‘ਤੇ ਮਜ਼ਬੂਤ ਹੋ ਗਿਆ ਹੈ। ਭਾਵੁਕ ਹੁੰਦਿਆਂ ਸਾਹਿਬ ਸਿੰਘ ਨੇ ਕਿਹਾ, “ਹੁਣ ਮੈਨੂੰ ਕੋਈ ਫ਼ਿਕਰ ਨਹੀਂ, ਧੀ ਨੇ ਸਾਡੀ ਸਾਰੀ ਮਿਹਨਤ ਦਾ ਮੁੱਲ ਪਾ ਦਿੱਤਾ ਹੈ।”
ਹਰਜਿੰਦਰ ਕੌਰ ਦੀ ਇਹ ਉਪਲਬਧੀ ਨਾ ਸਿਰਫ਼ ਪੰਜਾਬ ਲਈ, ਸਗੋਂ ਦੇਸ਼ ਦੇ ਹਰ ਉਸ ਪਰਿਵਾਰ ਲਈ ਪ੍ਰੇਰਣਾ ਹੈ ਜੋ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਦਾ ਹੌਸਲਾ ਰੱਖਦਾ ਹੈ।
