ਪੰਜਾਬ ਵਿੱਚ ਇਸ ਵਾਰ ਮੌਨਸੂਨ ਦੀ ਕਮਜ਼ੋਰ ਰਫ਼ਤਾਰ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਲਵਾ ਖੇਤਰ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਕਾਫ਼ੀ ਘੱਟ ਮੀਂਹ ਪੈਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਸਤ ਮਹੀਨੇ ਦੌਰਾਨ ਵੀ ਮੀਂਹ ਦੀ ਘਾਟ ਜਾਰੀ ਰਹੀ ਤਾਂ ਪੰਜਾਬ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਗੰਭੀਰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਆਮ ਨਾਲੋਂ ਅੱਠ ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਪੰਜਾਬ ਵਿੱਚ ਸਥਿਤੀ ਹੋਰ ਵੀ ਗੰਭੀਰ ਹੈ। ਜੂਨ ਮਹੀਨੇ ਦੌਰਾਨ ਸੂਬੇ ਵਿੱਚ ਆਮ ਨਾਲੋਂ 46 ਫ਼ੀਸਦੀ ਘੱਟ ਮੀਂਹ ਪਿਆ। ਆਮ ਤੌਰ ‘ਤੇ ਜੂਨ ਵਿੱਚ 54.5 ਮਿਲੀਮੀਟਰ ਮੀਂਹ ਦਰਜ ਹੁੰਦਾ ਹੈ, ਪਰ ਇਸ ਵਾਰ ਸਿਰਫ਼ 29.5 ਮਿਲੀਮੀਟਰ ਬਾਰਿਸ਼ ਹੀ ਹੋਈ। ਇਸੇ ਤਰ੍ਹਾਂ ਜੁਲਾਈ ਮਹੀਨੇ ਵਿੱਚ ਵੀ 150 ਮਿਲੀਮੀਟਰ ਦੀ ਔਸਤ ਦੇ ਮੁਕਾਬਲੇ ਸਿਰਫ਼ 113.3 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ ਨਾਲੋਂ 24 ਫ਼ੀਸਦੀ ਘੱਟ ਹੈ।
ਮੌਸਮ ਵਿਭਾਗ ਵੱਲੋਂ ਜੁਲਾਈ ਦੇ ਅੰਤਲੇ ਹਫ਼ਤੇ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ, ਪਰ ਬਾਰਿਸ਼ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਰਹੀ। ਦੂਜੇ ਪਾਸੇ, ਸਰਦੀਆਂ ਵਿੱਚ ਪਹਾੜੀ ਇਲਾਕਿਆਂ ਵਿੱਚ ਘੱਟ ਬਰਫ਼ਬਾਰੀ ਹੋਣ ਕਾਰਨ ਵੀ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦੀ ਆਮਦ ਪ੍ਰਭਾਵਿਤ ਹੋਈ ਹੈ।
ਸੂਬੇ ਦੇ ਸਭ ਤੋਂ ਵੱਡੇ ਜਲ ਸਰੋਤ ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1597.2 ਫੁੱਟ ਦਰਜ ਕੀਤਾ ਗਿਆ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਪੱਧਰ 1617.5 ਫੁੱਟ ਸੀ। ਪਿਛਲੇ ਵੀਹ ਸਾਲਾਂ ਦੀ ਔਸਤ 1613.12 ਫੁੱਟ ਰਹੀ ਹੈ। ਪੌਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ 1333.87 ਫੁੱਟ ਤੱਕ ਸਿਮਟ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਹੈ। ਰਣਜੀਤ ਸਾਗਰ ਡੈਮ ਵਿੱਚ ਵੀ ਪਾਣੀ ਦਾ ਪੱਧਰ ਵੀਹ ਸਾਲਾਂ ਦੀ ਔਸਤ ਤੋਂ ਹੇਠਾਂ ਚੱਲ ਰਿਹਾ ਹੈ।
ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਸਿਰਫ਼ ਹੜ੍ਹ ਪ੍ਰਬੰਧਾਂ ਦੀ ਬਜਾਏ ਪਾਣੀ ਦੀ ਸੰਭਾਲ ਅਤੇ ਇਸ ਦੀ ਸਮਝਦਾਰੀ ਨਾਲ ਵਰਤੋਂ ਉੱਤੇ ਵੱਧ ਧਿਆਨ ਦੇਣਾ ਪਵੇਗਾ। ਇਸ ਸਮੇਂ ਝੋਨੇ ਦੀ ਫ਼ਸਲ ਲਈ ਨਹਿਰਾਂ ਰਾਹੀਂ ਪਾਣੀ ਦੀ ਸਪਲਾਈ ਜਾਰੀ ਹੈ, ਪਰ ਜੇਕਰ ਅਗਸਤ ਮਹੀਨਾ ਵੀ ਸੁੱਕਾ ਲੰਘਦਾ ਹੈ ਤਾਂ ਨਹਿਰੀ ਪਾਣੀ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।
ਡੈਮਾਂ ਵਿੱਚ ਪਾਣੀ ਦੀ ਘਾਟ ਦਾ ਅਸਰ ਬਿਜਲੀ ਉਤਪਾਦਨ ‘ਤੇ ਵੀ ਪੈ ਸਕਦਾ ਹੈ। ਭਾਖੜਾ ਡੈਮ ਵਿੱਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ ਸਿਰਫ਼ 41 ਫ਼ੀਸਦੀ ਪਾਣੀ ਬਚਿਆ ਹੈ, ਜਦਕਿ ਪੌਂਗ ਅਤੇ ਰਣਜੀਤ ਸਾਗਰ ਡੈਮਾਂ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ।
ਹੁਣ ਸਭ ਦੀਆਂ ਨਜ਼ਰਾਂ ਅਗਸਤ ਮਹੀਨੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਹੋਣ ਵਾਲੀ ਬਾਰਿਸ਼ ਉੱਤੇ ਟਿਕੀਆਂ ਹੋਈਆਂ ਹਨ। ਜੇਕਰ ਮੀਂਹ ਨੇ ਸਾਥ ਨਾ ਦਿੱਤਾ ਤਾਂ ਪੰਜਾਬ ਨੂੰ ਨਾ ਸਿਰਫ਼ ਪਾਣੀ ਦੀ ਕਮੀ, ਸਗੋਂ ਖੇਤੀਬਾੜੀ ਅਤੇ ਬਿਜਲੀ ਉਤਪਾਦਨ ਵਰਗੇ ਖੇਤਰਾਂ ਵਿੱਚ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।




