HomeCanadaਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਸਾਹਿਤ ਦੀ ਮਹਿਕ,...

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਸਾਹਿਤ ਦੀ ਮਹਿਕ, ਕਵੀਆਂ ਨੇ ਰਚਨਾਵਾਂ ਨਾਲ ਮੋਹਿਆ ਮਨ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) – ਇੰਡੋ ਕੈਨੇਡੀਅਨ ਸੀਨੀਅਰ ਸੈਂਟਰ, ਸਰੀ-ਡੈਲਟਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਹੀਨਾਵਾਰ ਕਵੀ ਦਰਬਾਰ ਦਾ ਸਫਲ ਆਯੋਜਨ ਕੀਤਾ ਗਿਆ। ਸੈਂਟਰ ਦੇ ਉਪਰਲੇ ਹਾਲ ਵਿੱਚ ਕਰਵਾਏ ਗਏ ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਕੀਤੀ।

ਕਵੀ ਦਰਬਾਰ ਦੌਰਾਨ ਸਥਾਨਕ ਕਵੀਆਂ ਨੇ ਸਮਾਜਿਕ ਸਰੋਕਾਰਾਂ, ਪ੍ਰਵਾਸੀ ਜੀਵਨ ਦੇ ਤਜਰਬਿਆਂ, ਮਨੁੱਖੀ ਕਦਰਾਂ-ਕੀਮਤਾਂ ਅਤੇ ਮੌਜੂਦਾ ਸਮੇਂ ਦੇ ਵੱਖ-ਵੱਖ ਮੁੱਦਿਆਂ ਨੂੰ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਸਾਹਿਤਕ ਰਚਨਾਵਾਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਹਾਜ਼ਰ ਸਰੋਤਿਆਂ ਨੇ ਹਰ ਪੇਸ਼ਕਾਰੀ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਕਵੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।

ਇਸ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਗਿੱਲ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਅਮਰਜੀਤ ਕੌਰ, ਮਨਜੀਤ ਸਿੰਘ ਮੱਲ੍ਹਾ, ਗੁਰਦਰਸ਼ਨ ਸਿੰਘ ਤਤਲਾ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ, ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਸਵਰਨਜੀਤ ਸਿੰਘ ਸੰਧੂ, ਪਵਨ ਭਾਮੀਆ, ਇੰਦਰਜੀਤ ਕੌਰ ਸੰਧੂ, ਮਲੂਕ ਚੰਦ ਕਲੇਰ, ਸੁਖਪ੍ਰੀਤ, ਠਾਣਾ ਸਿੰਘ ਖੋਸਾ, ਅਮਰਜੀਤ ਕੌਰ ਚਾਹਲ, ਸਰਬਜੀਤ ਔਖਲਾ, ਹਰਚਰਨ ਸਿੰਘ ਸੰਧੂ, ਜਗਜੀਤ ਸਿੰਘ ਸੇਖੋਂ ਅਤੇ ਬੇਅੰਤ ਸਿੰਘ ਢਿੱਲੋਂ ਸਮੇਤ ਹੋਰ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਯਾਦਗਾਰ ਬਣਾਇਆ। ਸਮਾਗਮ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

ਇਸ ਮੌਕੇ ਸਾਬਕਾ ਲੇਬਰ ਮੰਤਰੀ ਹੈਰੀ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪ੍ਰਵਾਸ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਅਤੇ ਨਵੀਂ ਪੀੜ੍ਹੀ ਨਾਲ ਜੋੜਨ ਲਈ ਅਜਿਹੇ ਸਾਹਿਤਕ ਮੰਚ ਬੇਹੱਦ ਅਹਿਮ ਹਨ। ਉਨ੍ਹਾਂ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਵੱਲੋਂ ਕੀਤੇ ਜਾ ਰਹੇ ਸਾਹਿਤਕ ਅਤੇ ਸੱਭਿਆਚਾਰਕ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

ਸਮਾਗਮ ਦੇ ਅੰਤ ਵਿੱਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ, ਸਮੂਹ ਕਵੀਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹੀਨਾਵਾਰ ਕਵੀ ਦਰਬਾਰ ਹੁਣ ਸੈਂਟਰ ਦੀ ਇੱਕ ਮਹੱਤਵਪੂਰਨ ਸਾਹਿਤਕ ਪਰੰਪਰਾ ਬਣ ਚੁੱਕਾ ਹੈ, ਜੋ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਨਿਰੰਤਰ ਸੇਵਾ ਕਰਦਿਆਂ ਰਚਨਾਕਾਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਸਾਰਥਕ ਮੰਚ ਪ੍ਰਦਾਨ ਕਰ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments