20 ਜੁਲਾਈ ਨੂੰ ਸੀਜੇਪੀ ਦੀ ਅਗਵਾਈ ਹੇਠ ਕੱਢੇ ਗਏ ‘ਸੰਸਦ ਚਲੋ’ ਮਾਰਚ ਦੌਰਾਨ ਜ਼ਖ਼ਮੀ ਹੋਏ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣਾ ਪੱਖ ਰੱਖਦਿਆਂ ਮੰਗ ਕੀਤੀ ਹੈ ਕਿ ਸੰਸਦ ਵਿੱਚ ਸਿਰਫ਼ ਪੁਲੀਸ ’ਤੇ ਲੱਗੇ ਦੋਸ਼ਾਂ ਦੀ ਹੀ ਨਹੀਂ, ਸਗੋਂ ਜ਼ਖ਼ਮੀ ਪੁਲੀਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਦੀ ਵੀ ਚਰਚਾ ਹੋਣੀ ਚਾਹੀਦੀ ਹੈ।
ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿੱਚ ਹੋਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਚਾਰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਇੱਕ ਏਸੀਪੀ ਦੀ ਪਤਨੀ, ਇੱਕ ਏਐਸਆਈ ਦੀ ਪਤਨੀ ਅਤੇ ਦੋ ਪੁਲੀਸ ਅਧਿਕਾਰੀਆਂ ਦੇ ਬੱਚਿਆਂ ਨੇ ਦੱਸਿਆ ਕਿ ਹਿੰਸਾ ਵਾਲੇ ਦਿਨ ਉਨ੍ਹਾਂ ਨੇ ਕਿਸ ਤਰ੍ਹਾਂ ਹਸਪਤਾਲਾਂ ਤੋਂ ਆਉਣ ਵਾਲੀਆਂ ਫ਼ੋਨ ਕਾਲਾਂ ਦੀ ਉਡੀਕ ਵਿੱਚ ਘੰਟੇ ਬਿਤਾਏ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖ਼ੂਨ ਨਾਲ ਲਥਪਥ ਹਾਲਤ ਵਿੱਚ ਘਰ ਵਾਪਸ ਆਉਂਦਿਆਂ ਦੇਖਿਆ।
ਪਰਿਵਾਰਾਂ ਨੇ ਦੋਸ਼ ਲਾਇਆ ਕਿ ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਸਿਰਫ਼ ਪੁਲੀਸ ਦੀ ਕਾਰਵਾਈ ’ਤੇ ਹੀ ਚਰਚਾ ਕੀਤੀ ਜਾ ਰਹੀ ਹੈ, ਜਦਕਿ ਜ਼ਖ਼ਮੀ ਪੁਲੀਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੀੜਾ ਨੂੰ ਅਣਡਿੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਪੁਲੀਸ ਮੁਲਾਜ਼ਮ ਦੇ ਪਿੱਛੇ ਇੱਕ ਪੂਰਾ ਪਰਿਵਾਰ ਹੁੰਦਾ ਹੈ, ਜੋ ਹਰ ਰੋਜ਼ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਰਹਿੰਦਾ ਹੈ।
ਏਸੀਪੀ ਦੀ ਪਤਨੀ ਉਪਨੀਤ ਕੌਰ ਨੇ ਉਸ ਰਾਤ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਤੀ ਜ਼ਖ਼ਮੀ ਹਾਲਤ ਵਿੱਚ ਘਰ ਵਾਪਸ ਆਏ ਤਾਂ ਉਹ ਅਤੇ ਉਨ੍ਹਾਂ ਦੀ ਦੋ ਸਾਲ ਦੀ ਧੀ ਸਦਮੇ ਵਿੱਚ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਵਾਰ-ਵਾਰ ਭੀੜ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਪੱਥਰ, ਬੋਤਲਾਂ ਅਤੇ ਹੋਰ ਵਸਤੂਆਂ ਸੁੱਟੀਆਂ ਗਈਆਂ।
ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਲਾਈਡ ਸ਼ੋਅ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੀਆਂ ਤਸਵੀਰਾਂ ਅਤੇ ਹਿੰਸਾ ਨਾਲ ਹੋਏ ਨੁਕਸਾਨ ਦੇ ਅੰਕੜੇ ਦਿਖਾਏ ਗਏ। ਪਰਿਵਾਰਾਂ ਦੇ ਮੁਤਾਬਕ, ਇਸ ਹਿੰਸਾ ਵਿੱਚ 250 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋਏ, ਜਦਕਿ ਸੈਂਕੜਿਆਂ ਸੁਰੱਖਿਆ ਉਪਕਰਣ, ਬੈਰੀਕੇਡ, ਹੈਲਮੈਟ ਅਤੇ ਕਈ ਸਰਕਾਰੀ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਏਐਸਆਈ ਦੀ ਪਤਨੀ ਸੀਮਾ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ ਉਨ੍ਹਾਂ ਦੇ ਪਤੀ ਨੇ ਫ਼ੋਨ ਕਰਕੇ ਭੀੜ ਦੇ ਵੱਡੇ ਇਕੱਠ ਬਾਰੇ ਜਾਣਕਾਰੀ ਦਿੱਤੀ ਸੀ। ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਪਤੀ ਨੂੰ ਜ਼ਖ਼ਮੀ ਹਾਲਤ ਵਿੱਚ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੀਮਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਸੁਰੱਖਿਆ ਹੈਲਮੈਟ ਦੇ ਟੁੱਟ ਜਾਣ ਤੋਂ ਬਾਅਦ ਜੇਕਰ ਕੋਈ ਹੋਰ ਪੱਥਰ ਉਨ੍ਹਾਂ ਦੇ ਸਿਰ ’ਤੇ ਲੱਗ ਜਾਂਦਾ ਤਾਂ ਨਤੀਜੇ ਬਹੁਤ ਭਿਆਨਕ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸਿਰਫ਼ ਇੱਕ ਪੱਖ ਦੀ ਚਰਚਾ ਹੋ ਰਹੀ ਹੈ, ਜਦਕਿ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ।
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਕੁੰਜਲ, ਜਿਸ ਦੇ ਪਿਤਾ ਇੱਕ ਸਬ-ਇੰਸਪੈਕਟਰ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਭਾਰਤੀ ਜਲ ਸੈਨਾ ਵਿੱਚ ਮਰੀਨ ਕਮਾਂਡੋ ਰਹਿ ਚੁੱਕੇ ਹਨ। ਉਸਨੇ ਦਾਅਵਾ ਕੀਤਾ ਕਿ ਮਾਰਚ ਦੌਰਾਨ ਭੀੜ ਵੱਲੋਂ ਉਨ੍ਹਾਂ ਦੇ ਪਿਤਾ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਉਹ ਕਈ ਘੰਟਿਆਂ ਤੱਕ ਹਸਪਤਾਲ ਵਿੱਚ ਬੇਹੋਸ਼ ਰਹੇ।
ਇਸੇ ਤਰ੍ਹਾਂ, ਲਕਸ਼ਯ ਸਿੰਘ, ਜੋ ਕਿ ਇੱਕ ਜ਼ਖ਼ਮੀ ਏਸੀਪੀ ਦਾ ਪੁੱਤਰ ਹੈ, ਨੇ ਕਿਹਾ ਕਿ ਜਦੋਂ ਉਸਨੇ ਪਹਿਲੀ ਵਾਰ ਆਪਣੇ ਪਿਤਾ ਨੂੰ ਸਿਰ ’ਤੇ ਟਾਂਕੇ ਲੱਗੇ ਹੋਏ ਦੇਖਿਆ ਤਾਂ ਉਹ ਬਹੁਤ ਘਬਰਾ ਗਿਆ ਸੀ। ਉਸਨੇ ਕਿਹਾ ਕਿ ਉਸਦੇ ਪਿਤਾ ਦਾ ਮੰਨਣਾ ਹੈ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਸ਼ਾਂਤੀਪੂਰਨ ਸਨ, ਪਰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰੈੱਸ ਕਾਨਫਰੰਸ ਦੌਰਾਨ ਪਰਿਵਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਦੋਸ਼ੀ ਨਹੀਂ ਠਹਿਰਾ ਰਹੇ, ਸਗੋਂ ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਸ਼ਰਾਰਤੀ ਤੱਤਾਂ ਨੇ ਭੀੜ ਵਿੱਚ ਘੁਸਪੈਠ ਕਰਕੇ ਹਿੰਸਾ ਨੂੰ ਭੜਕਾਇਆ। ਉਨ੍ਹਾਂ ਮੰਗ ਕੀਤੀ ਕਿ ਸੰਸਦ ਵਿੱਚ ਇਸ ਘਟਨਾ ਦੇ ਹਰ ਪੱਖ ’ਤੇ ਨਿਰਪੱਖ ਚਰਚਾ ਹੋਵੇ, ਤਾਂ ਜੋ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੀੜਾ ਵੀ ਦੇਸ਼ ਸਾਹਮਣੇ ਆ ਸਕੇ।




