ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਮਾਨਸਾ ਵਿੱਚ ਕਾਂਗਰਸ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਮਣੇ ਪਾਰਟੀ ਵਰਕਰਾਂ ਦੀ ਅਣਦੇਖੀ ਅਤੇ ਅੰਦਰੂਨੀ ਸਿਆਸਤ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਪ੍ਰੋਗਰਾਮ ਦੌਰਾਨ ਰਾਜਾ ਵੜਿੰਗ ਨੂੰ ਸਿੱਧੇ ਤੌਰ ’ਤੇ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਹਲਕੇ ਵਿੱਚ ਕਿਸੇ ਇੱਕ ਆਗੂ ਨੂੰ ਅੱਗੇ ਲਿਆਉਣਾ ਹੈ ਤਾਂ ਉਸ ਦਾ ਨਾਂ ਸਪੱਸ਼ਟ ਕੀਤਾ ਜਾਵੇ, ਤਾਂ ਜੋ ਸਾਰੇ ਵਰਕਰ ਉਸ ਦਾ ਸਮਰਥਨ ਕਰ ਸਕਣ। ਉਨ੍ਹਾਂ ਕਿਹਾ, “ਪ੍ਰਧਾਨ ਸਾਹਿਬ, ਹਰ ਵਾਰ ਤੁਸੀਂ ਆ ਕੇ ਹਰ ਵਿਅਕਤੀ ਦੀ ਪਿੱਠ ਥਾਪੜ ਦਿੰਦੇ ਹੋ ਅਤੇ ਹਰ ਕਿਸੇ ਨੂੰ ਵਿਧਾਇਕ ਬਣਨ ਦੇ ਸੁਪਨੇ ਦਿਖਾਏ ਜਾਂਦੇ ਹਨ। ਸਾਡੀ ਲੜਾਈ ਭਾਜਪਾ ਨਾਲ ਹੈ, ਆਪਸ ਵਿੱਚ ਨਹੀਂ।”
ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਜੇਕਰ ਕਿਸੇ ਕੋਲ ਇੱਕੋ ਸੋਸ਼ਲ ਮੀਡੀਆ ਪਲੇਟਫਾਰਮ ’ਤੇ 30 ਕਰੋੜ ਲੋਕਾਂ ਦੀ ਫੈਨ ਫਾਲੋਇੰਗ ਹੈ ਤਾਂ ਉਹ ਸਿੱਧੂ ਮੂਸੇਵਾਲਾ ਸੀ। ਉਨ੍ਹਾਂ ਕਿਹਾ ਕਿ ਨੀਟ ਪੇਪਰ ਲੀਕ ਦੇ ਮੁੱਦੇ ’ਤੇ ਦਿੱਲੀ ਦੇ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨਾਂ ਦੌਰਾਨ ਵੀ ਸਿੱਧੂ ਮੂਸੇਵਾਲਾ ਦਾ ਨਾਂ ਗੂੰਜਿਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ, “ਭਾਵੇਂ ਮੇਰੇ ਪੁੱਤਰ ਨੂੰ ਰਾਜਾ ਵੜਿੰਗ ਕਾਂਗਰਸ ਵਿੱਚ ਲੈ ਕੇ ਆਏ ਸਨ, ਪਰ ਸਾਡਾ ਪਰਿਵਾਰ ਉਸ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ, ਜਦੋਂ ਪਾਰਟੀ ‘ਗਾਂ ਅਤੇ ਬਛੜਾ’ ਚੋਣ ਨਿਸ਼ਾਨ ’ਤੇ ਚੋਣ ਲੜਦੀ ਸੀ। ਅਸੀਂ ਪੀੜ੍ਹੀਆਂ ਤੋਂ ਕਾਂਗਰਸੀ ਹਾਂ।”
ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਿਰਫ਼ ਚੋਣ ਨਹੀਂ ਹਾਰਿਆ ਸੀ, ਸਗੋਂ ਉਸ ਨੇ ਆਪਣੀ ਜਾਨ ਵੀ ਗੁਆ ਦਿੱਤੀ। ਉਨ੍ਹਾਂ ਕਿਹਾ, “ਤੁਸੀਂ ਅਜਿਹੇ ਰਵਾਇਤੀ ਕਾਂਗਰਸੀ ਪਰਿਵਾਰ ਨੂੰ ਖ਼ਤਮ ਨਹੀਂ ਕਰ ਸਕਦੇ।”
ਬਲਕੌਰ ਸਿੰਘ ਨੇ ਆਪਣੇ ਸੀਮਤ ਸਿਆਸੀ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਬੂਥ ਪੱਧਰ ਦਾ ਵਰਕਰ ਵੀ ਨਿਯੁਕਤ ਨਹੀਂ ਕਰ ਸਕਦੇ ਅਤੇ ਨਾ ਹੀ ਬਲਾਕ ਸੰਮਤੀ ਦੀ ਇੱਕ ਟਿਕਟ ਦਿਵਾ ਸਕਦੇ ਹਨ। ਉਨ੍ਹਾਂ ਕਿਹਾ, “ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਿੱਛੇ ਹਟ ਜਾਈਏ ਤਾਂ ਸਾਨੂੰ ਕਮਜ਼ੋਰ ਕਰਨ ਦੀ ਬਜਾਏ ਸਿੱਧਾ ਦੱਸ ਦਿਓ।”
ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਸਮਾਗਮ ਵਿੱਚ ਮੌਜੂਦ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਤਾੜੀਆਂ ਨਾਲ ਸਮਰਥਨ ਕੀਤਾ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਕਾਂਗਰਸ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਵਫ਼ਾਦਾਰ ਵਰਕਰਾਂ ਨੂੰ ਕਮਜ਼ੋਰ ਕਰਨ ਦੀ ਬਜਾਏ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ।
ਉਨ੍ਹਾਂ ਕਿਹਾ, “ਜੇਕਰ ਤੁਸੀਂ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦੇਣਾ ਚਾਹੁੰਦੇ ਤਾਂ ਮੈਨੂੰ ਇੱਜ਼ਤ ਨਾਲ ਬੈਠਣ ਦਿਓ। ਮੈਂ ਕਾਂਗਰਸ ਲਈ ਇੱਕ ਚੌਕੀਦਾਰ ਵਾਂਗ ਕੰਮ ਕਰਦਾ ਰਹਾਂਗਾ।”
ਆਪਣੇ ਸੰਬੋਧਨ ਦੇ ਅੰਤ ਵਿੱਚ ਬਲਕੌਰ ਸਿੰਘ ਨੇ ਭਾਵੁਕ ਹੋ ਕੇ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਤੋਂ ਮੁਆਫ਼ੀ ਮੰਗਦਿਆਂ ਕਿਹਾ, “ਬਘੇਲ ਸਾਹਿਬ, ਮੈਂ ਮੁਆਫ਼ੀ ਚਾਹੁੰਦਾ ਹਾਂ। ਕਈ ਵਾਰ ਭਾਵਨਾਵਾਂ ਵਿੱਚ ਇਨਸਾਨ ਕੁਝ ਅਜਿਹੀਆਂ ਗੱਲਾਂ ਕਹਿ ਜਾਂਦਾ ਹੈ, ਜੋ ਦਿਲ ਦੇ ਦਰਦ ਨੂੰ ਬਿਆਨ ਕਰਦੀਆਂ ਹਨ।”




