ਗਲਾਸਗੋ: ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 39 ਤਗ਼ਮੇ ਆਪਣੇ ਨਾਮ ਕੀਤੇ ਅਤੇ ਤਗ਼ਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਭਾਵੇਂ ਇਸ ਵਾਰ ਖੇਡਾਂ ਦਾ ਪ੍ਰੋਗਰਾਮ ਕਾਫ਼ੀ ਸੀਮਤ ਸੀ ਅਤੇ ਭਾਰਤ ਦੀਆਂ ਕਈ ਰਵਾਇਤੀ ਖੇਡਾਂ ਇਸ ਵਿੱਚ ਸ਼ਾਮਲ ਨਹੀਂ ਸਨ, ਫਿਰ ਵੀ ਭਾਰਤੀ ਦਲ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ।
ਭਾਰਤ ਨੇ ਇਸ ਸੰਸਕਰਣ ਵਿੱਚ 13 ਸੋਨ ਤਗ਼ਮੇ, 17 ਚਾਂਦੀ ਦੇ ਤਗ਼ਮੇ ਅਤੇ 9 ਕਾਂਸੀ ਦੇ ਤਗ਼ਮੇ ਜਿੱਤ ਕੇ ਕੁੱਲ 39 ਤਗ਼ਮਿਆਂ ਦਾ ਅੰਕੜਾ ਛੂਹਿਆ। ਮੇਜ਼ਬਾਨ ਸਕਾਟਲੈਂਡ ਨੇ ਵੀ 39 ਤਗ਼ਮੇ ਜਿੱਤੇ, ਪਰ ਚਾਂਦੀ ਦੇ ਤਗ਼ਮੇ ਘੱਟ ਹੋਣ ਕਾਰਨ ਉਹ ਪੰਜਵੇਂ ਸਥਾਨ ’ਤੇ ਰਿਹਾ।
ਤਗ਼ਮਾ ਸੂਚੀ ਵਿੱਚ ਆਸਟਰੇਲੀਆ ਨੇ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਿਆ। ਆਸਟਰੇਲੀਆ ਨੇ 70 ਸੋਨ ਤਗ਼ਮਿਆਂ ਸਮੇਤ ਕੁੱਲ 171 ਤਗ਼ਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇੰਗਲੈਂਡ 110 ਤਗ਼ਮਿਆਂ ਨਾਲ ਦੂਜੇ ਅਤੇ ਕੈਨੇਡਾ 62 ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ।
ਗਲਾਸਗੋ ਵਿੱਚ 11 ਦਿਨਾਂ ਤੱਕ ਚੱਲੇ ਇਸ ਮਹਾਕੁੰਭ ਦੌਰਾਨ ਭਾਰਤੀ ਖਿਡਾਰੀਆਂ ਨੇ ਮੁੱਕੇਬਾਜ਼ੀ, ਅਥਲੈਟਿਕਸ, ਜੂਡੋ, ਵੇਟਲਿਫਟਿੰਗ ਅਤੇ ਪੈਰਾ ਖੇਡਾਂ ਵਿੱਚ ਯਾਦਗਾਰ ਪ੍ਰਦਰਸ਼ਨ ਕੀਤਾ। ਖ਼ਾਸ ਤੌਰ ’ਤੇ ਮੁੱਕੇਬਾਜ਼ੀ ਭਾਰਤ ਲਈ ਸਭ ਤੋਂ ਸਫ਼ਲ ਖੇਡ ਸਾਬਤ ਹੋਈ, ਜਿੱਥੇ ਭਾਰਤੀ ਮੁੱਕੇਬਾਜ਼ਾਂ ਨੇ 7 ਸੋਨ ਅਤੇ 3 ਚਾਂਦੀ ਦੇ ਤਗ਼ਮਿਆਂ ਸਮੇਤ ਕੁੱਲ 10 ਤਗ਼ਮੇ ਜਿੱਤੇ।
ਇਸ ਤੋਂ ਇਲਾਵਾ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਵੀ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗ਼ਮੇ ਆਪਣੇ ਨਾਮ ਕੀਤੇ। ਪੈਰਾ ਖਿਡਾਰੀਆਂ ਨੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਦੇਸ਼ ਦਾ ਮਾਣ ਵਧਾਇਆ।
ਇਸ ਵਾਰ ਨਿਸ਼ਾਨੇਬਾਜ਼ੀ, ਬੈਡਮਿੰਟਨ, ਕੁਸ਼ਤੀ, ਹਾਕੀ ਅਤੇ ਟੇਬਲ ਟੈਨਿਸ ਵਰਗੀਆਂ ਭਾਰਤ ਦੀਆਂ ਮਜ਼ਬੂਤ ਖੇਡਾਂ ਪ੍ਰੋਗਰਾਮ ਦਾ ਹਿੱਸਾ ਨਹੀਂ ਸਨ। ਇਸ ਕਾਰਨ ਭਾਰਤ ਦੀ ਤਗ਼ਮਾ ਗਿਣਤੀ ’ਤੇ ਅਸਰ ਪਿਆ, ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨੇ ਸੀਮਤ ਮੌਕਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਖੇਡ ਤਾਕਤ ਦਾ ਸਬੂਤ ਦਿੱਤਾ।
ਹਾਲਾਂਕਿ, ਖੇਡਾਂ ਦੌਰਾਨ ਕੁਝ ਨਿਰਾਸ਼ਾਜਨਕ ਪਲ ਵੀ ਸਾਹਮਣੇ ਆਏ। ਜੂਡੋ ਖਿਡਾਰੀ ਤੂਲਿਕਾ ਮਾਨ ਨੂੰ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਦੇ ਤਿੰਨ ਮਾਮਲਿਆਂ ਕਾਰਨ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕੀ।
ਹੁਣ ਗਲਾਸਗੋ ਖੇਡਾਂ ਦੇ ਸਮਾਪਤ ਹੋਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਸਾਲ 2030 ਵਿੱਚ ਅਹਿਮਦਾਬਾਦ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਤੇ ਟਿਕ ਗਈਆਂ ਹਨ। ਸਮਾਪਤੀ ਸਮਾਰੋਹ ਦੌਰਾਨ ਅਧਿਕਾਰਤ ਤੌਰ ’ਤੇ ਅਗਲੇ ਸੰਸਕਰਣ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ ਨਾਲ ਤਿਆਰੀਆਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਨਵੀਂ ਦਿੱਲੀ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਸਫ਼ਲ ਮੇਜ਼ਬਾਨੀ ਕਰਨ ਤੋਂ ਬਾਅਦ ਭਾਰਤ ਦੂਜੀ ਵਾਰ ਇਸ ਵੱਡੇ ਖੇਡ ਸਮਾਗਮ ਦੀ ਮੇਜ਼ਬਾਨੀ ਕਰੇਗਾ।




