ਨਾਭਾ: ਰਾਸ਼ਟਰਮੰਡਲ ਖੇਡਾਂ ਗਲਾਸਗੋ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਵਾਪਸ ਆਪਣੇ ਸ਼ਹਿਰ ਨਾਭਾ ਪੁੱਜੀ ਵੇਟਲਿਫਟਰ ਹਰਜਿੰਦਰ ਕੌਰ ਦਾ ਲੋਕਾਂ ਵੱਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਹਰਜਿੰਦਰ ਦੇ ਪਿੰਡ ਮੈਹਸ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਰੋਹਟੀ ਪੁਲ ‘ਤੇ ਹੀ ਪਿੰਡ ਵਾਸੀ, ਖੇਡ ਪ੍ਰੇਮੀ ਅਤੇ ਸਰਕਾਰੀ ਨੁਮਾਇੰਦੇ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋ ਗਏ ਸਨ। ਢੋਲ-ਨਗਾੜਿਆਂ ਅਤੇ ਜਸ਼ਨੀ ਮਾਹੌਲ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਹਰਜਿੰਦਰ ਕੌਰ ਨੂੰ ਪਿੰਡ ਲਿਆਂਦਾ ਗਿਆ।
ਪਿੰਡ ਪਹੁੰਚਣ ਤੋਂ ਬਾਅਦ ਹਰਜਿੰਦਰ ਕੌਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਹਰ ਕੋਈ ਇਸ ਮਾਣਮੱਤੀ ਧੀ ਨਾਲ ਤਸਵੀਰ ਖਿਚਵਾਉਣ ਅਤੇ ਉਸ ਦੀ ਇਸ ਵੱਡੀ ਉਪਲਬਧੀ ਲਈ ਸ਼ੁਭਕਾਮਨਾਵਾਂ ਦੇਣ ਲਈ ਉਤਸੁਕ ਨਜ਼ਰ ਆਇਆ।
29 ਸਾਲਾ ਹਰਜਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਉਹ ਚੌਥੇ ਸਥਾਨ ‘ਤੇ ਰਹੀ ਸੀ, ਪਰ ਤੀਜੇ ਨੰਬਰ ‘ਤੇ ਰਹੇ ਨਾਈਜੀਰੀਆ ਦੇ ਖਿਡਾਰੀ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਕਾਂਸੀ ਦਾ ਤਗਮਾ ਮਿਲਿਆ ਸੀ। ਇਸ ਕਾਰਨ ਉਸ ਦੇ ਨਾਮ ਨਾਲ “ਕਿਸਮਤ ਦਾ ਤਗਮਾ” ਜੁੜ ਗਿਆ ਸੀ, ਜਿਸ ਨੂੰ ਉਹ ਇਸ ਵਾਰ ਬਦਲਣਾ ਚਾਹੁੰਦੀ ਸੀ।
ਉਸ ਨੇ ਕਿਹਾ ਕਿ ਇਸ ਵਾਰ ਉਸ ਦਾ ਇੱਕੋ-ਇੱਕ ਟੀਚਾ ਤਗਮੇ ਦਾ ਰੰਗ ਬਦਲਣਾ ਸੀ ਅਤੇ ਇਸ ਲਈ ਉਸ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ। ਹਰਜਿੰਦਰ ਮੁਤਾਬਕ, ਬਿਹਤਰ ਕੋਚਿੰਗ, ਅਨੁਸ਼ਾਸਨ ਅਤੇ ਪਰਿਵਾਰ ਦੇ ਲਗਾਤਾਰ ਸਹਿਯੋਗ ਸਦਕਾ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹੀ।
ਹਰਜਿੰਦਰ ਕੌਰ ਨੇ ਆਪਣੇ ਪਰਿਵਾਰ ਦੇ ਸੰਘਰਸ਼ ਨੂੰ ਯਾਦ ਕਰਦਿਆਂ ਦੱਸਿਆ ਕਿ ਵੰਡ ਦੇ ਸਮੇਂ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰਿਵਾਰ ਨੇ ਉਜਾੜੇ ਅਤੇ ਆਰਥਿਕ ਤੰਗੀ ਦੇ ਬਾਵਜੂਦ ਕਦੇ ਵੀ ਉਸ ਦੀ ਖੇਡ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਘੱਟ ਸਾਧਨਾਂ ਦੇ ਬਾਵਜੂਦ ਪਰਿਵਾਰ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ ਅਤੇ ਹਰ ਪੜਾਅ ‘ਤੇ ਸਾਥ ਦਿੱਤਾ।
ਉਸ ਨੇ ਕਿਹਾ ਕਿ ਉਹ ਨਾਭਾ ਵਿੱਚ ਵੇਟਲਿਫਟਿੰਗ ਦਾ ਇੱਕ ਆਧੁਨਿਕ ਸੈਂਟਰ ਸਥਾਪਤ ਕਰਨਾ ਚਾਹੁੰਦੀ ਹੈ ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਇਸ ਦੇ ਨਾਲ ਹੀ ਉਸ ਨੇ ਆਪਣੇ ਪਿੰਡ ਵਿੱਚ ਇੱਕ ਉੱਚ ਪੱਧਰੀ ਖੇਡ ਮੈਦਾਨ ਬਣਾਉਣ ਦੀ ਵੀ ਮੰਗ ਕੀਤੀ।
ਹਰਜਿੰਦਰ ਕੌਰ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਵੀ ਉਸ ਦੀ ਇਸ ਉਪਲਬਧੀ ਨੂੰ ਮਾਣ ਦੇਵੇਗੀ ਅਤੇ ਮੁੱਖ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਉਸ ਦੀ ਸਫਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਸ ਨੇ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਅਤੇ ਸਰਕਾਰੀ ਸਹਿਯੋਗ ਮਿਲੇ ਤਾਂ ਪੰਜਾਬ ਦੇ ਹੋਰ ਨੌਜਵਾਨ ਵੀ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।




