Google search engine
Home Canada ਮੇਅਰ ਬਰੈਂਡਾ ਲੌਕ ਤੇ ਐਮ ਪੀ ਸੁੱਖ ਧਾਲੀਵਾਲ ਨੇ ਟੈਮੇਨਾਵਿਸ ਪਾਰਕ ਨੂੰ...

ਮੇਅਰ ਬਰੈਂਡਾ ਲੌਕ ਤੇ ਐਮ ਪੀ ਸੁੱਖ ਧਾਲੀਵਾਲ ਨੇ ਟੈਮੇਨਾਵਿਸ ਪਾਰਕ ਨੂੰ ਕੈਨੇਡਾ ਦੇ ਪਹਿਲੇ ਤਿੰਨ ਪਾਣੀ-ਅਧਾਰਿਤ ਫੀਲਡ ਹਾਕੀ ਕੰਪਲੈਕਸ ਵਜੋਂ ਸਮਰਪਿਤ ਕੀਤਾ

8.2 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਖਿਡਾਰੀਆਂ ਨੂੰ ਮਿਲਣਗੀਆਂ ਵਿਸ਼ਵ-ਪੱਧਰੀ ਸਹੂਲਤਾਂ, ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਹੋਵੇਗੀ ਹੋਰ ਮਜ਼ਬੂਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਦੇ ਟੈਮੇਨਾਵਿਸ ਪਾਰਕ ਨੇ ਦੇਸ਼ ਦੇ ਖੇਡ ਨਕਸ਼ੇ ‘ਤੇ ਇੱਕ ਨਵੀਂ ਉਪਲਬਧੀ ਦਰਜ ਕਰ ਲਈ ਹੈ। ਸਿਟੀ ਆਫ਼ ਸਰੀ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦੇ ਨਿਰਮਾਣ ਨੂੰ ਮੁਕੰਮਲ ਕਰਕੇ ਇਸ ਨੂੰ ਕੈਨੇਡਾ ਦਾ ਪਹਿਲਾ ਅਤੇ ਇਕੱਲਾ ਫੀਲਡ ਹਾਕੀ ਕੰਪਲੈਕਸ ਬਣਾ ਦਿੱਤਾ ਹੈ, ਜਿੱਥੇ ਉੱਚ ਪੱਧਰੀ ਮੁਕਾਬਲਿਆਂ ਲਈ ਤਿੰਨ ਵਿਸ਼ਵ-ਪੱਧਰੀ ਪਾਣੀ-ਅਧਾਰਿਤ ਮੈਦਾਨ ਉਪਲਬਧ ਹਨ।

ਮੇਅਰ ਬਰੈਂਡਾ ਲੌਕ ਨੇ ਇਸ ਮੌਕੇ ਕਿਹਾ ਕਿ ਸਰੀ ਫੀਲਡ ਹਾਕੀ ਦਾ ਰਾਸ਼ਟਰੀ ਕੇਂਦਰ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਪਹਿਲਾਂ ਹੀ ਫੀਲਡ ਹਾਕੀ ਕੈਨੇਡਾ ਦੀ 2026 ਅੰਡਰ-18 ਨੈਸ਼ਨਲ ਚੈਂਪੀਅਨਸ਼ਿਪ ਸਮੇਤ ਕਈ ਵੱਡੇ ਟੂਰਨਾਮੈਂਟਾਂ ਦੀ ਸਫਲ ਮੇਜ਼ਬਾਨੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਸਹੂਲਤਾਂ ਵਿੱਚ ਨਿਵੇਸ਼ ਕਰਕੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਖੇਡਾਂ ਵਿੱਚ ਅੱਗੇ ਵਧਣ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ।

ਉੱਚ ਪੱਧਰੀ ਫੀਲਡ ਹਾਕੀ ਮੁਕਾਬਲਿਆਂ ਲਈ ਵਰਤੀ ਜਾਣ ਵਾਲੀ ਪਾਣੀ-ਅਧਾਰਿਤ ਟਰਫ਼ ਛੋਟੀ ਅਤੇ ਸੰਘਣੀ ਨਕਲੀ ਘਾਹ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਉੱਤੇ ਨਿਰੰਤਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀਆਂ ਨੂੰ ਤੇਜ਼ ਅਤੇ ਸਮਤਲ ਸਤ੍ਹਾ ਮਿਲ ਸਕੇ। ਇਸ ਨਵੇਂ ਮੈਦਾਨ ਦੀ ਉਸਾਰੀ ‘ਤੇ 4.94 ਮਿਲੀਅਨ ਡਾਲਰ ਦੀ ਲਾਗਤ ਆਈ ਹੈ। ਇਸ ਲਈ ਫੰਡ ਸਿਟੀ ਦੇ ਪਾਰਕਸ, ਰਿਕ੍ਰੀਏਸ਼ਨ ਐਂਡ ਕਲਚਰ ਵਿਭਾਗ, ਸੂਬਾਈ ਗੇਮਿੰਗ ਆਮਦਨ ਅਤੇ ਕੈਨੇਡਾ ਕਮਿਊਨਿਟੀ-ਬਿਲਡਿੰਗ ਫੰਡ ਰਾਹੀਂ ਮੁਹੱਈਆ ਕਰਵਾਏ ਗਏ।

ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਫੈਡਰਲ ਸਰਕਾਰ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡ ਅਤੇ ਮਨੋਰੰਜਨ ਸਹੂਲਤਾਂ ਵਿੱਚ ਨਿਵੇਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਟੈਮੇਨਾਵਿਸ ਪਾਰਕ ਕਮਿਊਨਿਟੀ ਲਈ ਸਰਗਰਮ ਰਹਿਣ, ਖੇਡਣ ਅਤੇ ਆਪਸੀ ਸਾਂਝ ਮਜ਼ਬੂਤ ਕਰਨ ਦਾ ਮਹੱਤਵਪੂਰਨ ਕੇਂਦਰ ਬਣੇਗਾ।

ਪਾਰਕਸ, ਰਿਕ੍ਰੀਏਸ਼ਨ ਅਤੇ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰ ਕੌਂਸਲਰ ਗੋਰਡਨ ਹੈਪਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਸਰੀ ਦੀ ਸਪੋਰਟ ਟੂਰਿਜ਼ਮ ਰਣਨੀਤੀ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਮੁਤਾਬਕ ਇਹ ਸਹੂਲਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਸਥਾਨਕ ਆਰਥਿਕਤਾ ਨੂੰ ਵੀ ਹੁਲਾਰਾ ਦੇਵੇਗੀ।

ਨਿਊਟਨ ਵਿੱਚ ਸਥਿਤ 19.5 ਏਕੜ ਰਕਬੇ ਵਾਲੇ ਟੈਮੇਨਾਵਿਸ ਪਾਰਕ ਵਿੱਚ ਪਹਿਲਾਂ ਹੀ ਬੇਸਬਾਲ ਡਾਇਮੰਡ, ਖੇਡ ਕੋਰਟਾਂ, ਪਿਕਨਿਕ ਸ਼ੈਲਟਰ ਅਤੇ ਸਰਪੈਂਟਾਈਨ ਗ੍ਰੀਨਵੇਅ ਨਾਲ ਜੁੜੇ ਵਾਕਿੰਗ ਟਰੇਲ ਮੌਜੂਦ ਹਨ। ਹੁਣ ਪਾਰਕ ਵਿੱਚ 3.26 ਮਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਫੀਲਡਹਾਊਸ ਵੀ ਬਣਾਇਆ ਜਾਵੇਗਾ, ਜਿਸ ਵਿੱਚ ਚੇਂਜ ਰੂਮ ਅਤੇ ਵਾਸ਼ਰੂਮ ਵਰਗੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਤਰ੍ਹਾਂ ਪਾਰਕ ਵਿੱਚ ਕੁੱਲ 8.2 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ।

ਸਰੀ ਇਨਫਰਾਸਟਰੱਕਚਰ ਲਈ ਸੰਸਦੀ ਸਕੱਤਰ ਅਤੇ ਸਰੀ-ਗਿਲਫੋਰਡ ਤੋਂ ਵਿਧਾਇਕ ਗੈਰੀ ਬੈਗ ਨੇ ਕਿਹਾ ਕਿ ਸਰੀ ਵਿਸ਼ਵ ਪੱਧਰੀ ਖੇਡਾਂ ਦੀ ਮੰਜ਼ਿਲ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਮੇਨਾਵਿਸ ਪਾਰਕ ਦਾ ਇਹ ਨਵਾਂ ਮੈਦਾਨ ਸਾਲ ਭਰ ਸੈਂਕੜਿਆਂ ਘੰਟਿਆਂ ਦੀਆਂ ਖੇਡ ਸਰਗਰਮੀਆਂ ਅਤੇ ਕਮਿਊਨਿਟੀ ਸਮਾਗਮਾਂ ਦਾ ਕੇਂਦਰ ਬਣੇਗਾ ਅਤੇ ਸਰਕਾਰਾਂ ਦੀ ਸਾਂਝੇਦਾਰੀ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਾਨਦਾਰ ਮਿਸਾਲ ਵੀ ਪੇਸ਼ ਕਰੇਗਾ।

 

Exit mobile version