Google search engine
Home Entertainment ਪ੍ਰੀਤ ਔਜਲਾ ਤੇ ਗੁਰਪ੍ਰੀਤ ਰਟੌਲ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ,...

ਪ੍ਰੀਤ ਔਜਲਾ ਤੇ ਗੁਰਪ੍ਰੀਤ ਰਟੌਲ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ, ਫਿਲਮ ‘ਮੈਨੂੰ ਮਿਲਿਆ ਹੀ ਕਿਉਂ’ ਦਾ ਹੋਇਆ ਐਲਾਨ

Punjabi Cinema Update: ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਹੋਰ ਵੱਡੇ ਪ੍ਰੋਜੈਕਟ ਦਾ ਐਲਾਨ ਹੋ ਗਿਆ ਹੈ। ਮਸ਼ਹੂਰ ਕਲਾਕਾਰ ਗੁਰਪ੍ਰੀਤ ਰਟੌਲ ਅਤੇ ਪ੍ਰੀਤ ਔਜਲਾ ਦੀ ਮੁੱਖ ਭੂਮਿਕਾ ਵਾਲੀ ਨਵੀਂ ਪੰਜਾਬੀ ਫਿਲਮ ‘ਮੈਨੂੰ ਮਿਲਿਆ ਹੀ ਕਿਉਂ’ ਦੀ ਰਸਮੀ ਘੋਸ਼ਣਾ ਕਰ ਦਿੱਤੀ ਗਈ ਹੈ। ਰੁਮਾਂਟਿਕ, ਸੰਗੀਤਮਈ ਅਤੇ ਪਰਿਵਾਰਕ ਕਹਾਣੀ ‘ਤੇ ਆਧਾਰਿਤ ਇਹ ਫਿਲਮ ਜਲਦ ਹੀ ਸ਼ੂਟਿੰਗ ਦੇ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਹੈ।

‘ਸਾਗਾ ਸਟੂਡੀਓਜ਼’ ਅਤੇ ‘ਸੈਵਨ ਕਲਰਸ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਲੇਖਣ ਗੁਰਪ੍ਰੀਤ ਰਟੌਲ ਨੇ ਕੀਤਾ ਹੈ, ਜਦਕਿ ਇਸ ਦੇ ਨਿਰਮਾਤਾ ਸੁਮਿਤ ਸਿੰਘ ਹਨ। ਫਿਲਮ ਦਾ ਨਿਰਦੇਸ਼ਨ ਗੈਰੀ ਸੋਮਲ ਵੱਲੋਂ ਕੀਤਾ ਜਾਵੇਗਾ, ਜੋ ਇਸ ਪ੍ਰੋਜੈਕਟ ਰਾਹੀਂ ਪਾਲੀਵੁੱਡ ਵਿੱਚ ਆਪਣੇ ਨਿਰਦੇਸ਼ਕੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਫਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਗੁਰਪ੍ਰੀਤ ਰਟੌਲ ਅਤੇ ਪ੍ਰੀਤ ਔਜਲਾ ਪਹਿਲੀ ਵਾਰ ਇੱਕੱਠੇ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣਗੇ। ਦੋਵਾਂ ਦੀ ਇਹ ਨਵੀਂ ਜੋੜੀ ਪਹਿਲਾਂ ਹੀ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

ਇਸ ਫਿਲਮ ਵਿੱਚ ਗੁਰਪ੍ਰੀਤ ਰਟੌਲ ਅਤੇ ਪ੍ਰੀਤ ਔਜਲਾ ਤੋਂ ਇਲਾਵਾ ਕਿਰਨ ਬਰਾੜ, ਅਮਨ ਧਾਲੀਵਾਲ, ਲਵਲੀ ਕੋਹਲੀ, ਹਰਪਾਲ ਸਿੰਘ, ਕਬੀਰ ਗਿੱਲ, ਸੁੱਖੀ ਖਿਆਲਾ, ਗੁਰਦਿਆਲ ਪਾਰਸ ਅਤੇ ਅਮਰ ਨੂਰੀ ਵਰਗੇ ਕਈ ਮਸ਼ਹੂਰ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ ਦੀ ਸ਼ੂਟਿੰਗ ਪੰਜਾਬ ਦੀਆਂ ਖੂਬਸੂਰਤ ਲੋਕੇਸ਼ਨਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਡਾਇਰੈਕਟਰ ਆਫ਼ ਫੋਟੋਗ੍ਰਾਫੀ ਸੁੱਖ ਸੰਘੇੜਾ ਹਨ, ਜਦਕਿ ਕਾਰਜਕਾਰੀ ਨਿਰਮਾਤਾ ਦੀ ਜ਼ਿੰਮੇਵਾਰੀ ਸੁੱਖੀ ਵੱਲੋਂ ਨਿਭਾਈ ਜਾ ਰਹੀ ਹੈ।

ਗੁਰਪ੍ਰੀਤ ਰਟੌਲ ਹਾਲੀਆ ਸਮੇਂ ਦੌਰਾਨ ਕਈ ਵੱਡੇ ਪ੍ਰੋਜੈਕਟਾਂ ਦਾ ਹਿੱਸਾ ਰਹੇ ਹਨ। ਅਦਾਕਾਰ ਅਤੇ ਲੇਖਕ ਵਜੋਂ ਉਨ੍ਹਾਂ ਨੇ ਵੈੱਬ ਸੀਰੀਜ਼ ‘ਲਕੜਬੱਗੇ’, ਬੱਬੂ ਮਾਨ ਦੀ ਫਿਲਮ ‘ਅਸੀਂ ਬਾਗੀ ਚੰਗੇ’ ਅਤੇ ਪੀਰੀਅਡ ਫਿਲਮ ‘ਸੁੱਚਾ ਸੂਰਮਾ’ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।

ਫਿਲਮ ‘ਮੈਨੂੰ ਮਿਲਿਆ ਹੀ ਕਿਉਂ’ ਦੀ ਘੋਸ਼ਣਾ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਦੀ ਸ਼ੂਟਿੰਗ ਅਤੇ ਰਿਲੀਜ਼ ‘ਤੇ ਟਿਕੀਆਂ ਹੋਈਆਂ ਹਨ।

Exit mobile version