Google search engine
Home Canada ਸਾਊਥ ਸਰੀ ਵਿੱਚ ਤੜਕੇ ਪੁਲਿਸ ਨੇ ਹਥਿਆਰਬੰਦ ਵਿਅਕਤੀ ਕੀਤਾ ਗ੍ਰਿਫ਼ਤਾਰ, ਬੰਦੂਕ, ਗੋਲੀਆਂ...

ਸਾਊਥ ਸਰੀ ਵਿੱਚ ਤੜਕੇ ਪੁਲਿਸ ਨੇ ਹਥਿਆਰਬੰਦ ਵਿਅਕਤੀ ਕੀਤਾ ਗ੍ਰਿਫ਼ਤਾਰ, ਬੰਦੂਕ, ਗੋਲੀਆਂ ਤੇ ਤਿੰਨ ਚਾਕੂ ਬਰਾਮਦ

18 ਐਵੇਨਿਊ ਅਤੇ 138 ਸਟ੍ਰੀਟ ਨੇੜੇ ਸੜਕ ਵਿਚਕਾਰ ਖੜ੍ਹੀ ਗੱਡੀ ਵਿੱਚ ਬੇਹੋਸ਼ ਮਿਲਿਆ ਸੀ ਡਰਾਈਵਰ, ਜਾਂਚ ਜਾਰੀ

ਸਰੀ, ਬੀ.ਸੀ. (ਬੀਸੀ ਪੰਜਾਬੀ ਨਿਊਜ਼) – ਸਰੀ ਪੁਲਿਸ ਸਰਵਿਸ (SPS) ਨੇ 2 ਅਗਸਤ ਦੀ ਤੜਕੇ ਸਾਊਥ ਸਰੀ ਵਿੱਚ ਵਾਪਰੀ ਇੱਕ ਘਟਨਾ ਦੌਰਾਨ ਇੱਕ ਬਾਲਗ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਬੰਦੂਕ, ਗੋਲੀਆਂ ਅਤੇ ਤਿੰਨ ਚਾਕੂ ਬਰਾਮਦ ਕੀਤੇ ਹਨ।

ਪੁਲਿਸ ਮੁਤਾਬਕ, ਸਵੇਰੇ ਕਰੀਬ 1:30 ਵਜੇ 9-1-1 ‘ਤੇ ਸੂਚਨਾ ਮਿਲੀ ਕਿ 18 ਐਵੇਨਿਊ ਅਤੇ 138 ਸਟ੍ਰੀਟ ਦੇ ਚੌਰਾਹੇ ਨੇੜੇ ਸੜਕ ਦੇ ਵਿਚਕਾਰ ਇੱਕ ਵਾਹਨ ਖੜ੍ਹਾ ਹੈ, ਜਿਸ ਵਿੱਚ ਡਰਾਈਵਰ ਬੇਹੋਸ਼ ਹਾਲਤ ਵਿੱਚ ਸਟੀਅਰਿੰਗ ਪਿੱਛੇ ਝੁਕਿਆ ਹੋਇਆ ਹੈ।

ਮੌਕੇ ‘ਤੇ ਪਹੁੰਚੇ ਐੱਸਪੀਐੱਸ ਦੇ ਫਰੰਟਲਾਈਨ ਅਧਿਕਾਰੀਆਂ ਨੇ ਵਾਹਨ ਨੂੰ ਪੁਲਿਸ ਗੱਡੀਆਂ ਨਾਲ ਚਾਰੋਂ ਪਾਸਿਆਂ ਤੋਂ ਘੇਰ ਲਿਆ ਤਾਂ ਜੋ ਉਹ ਭੱਜ ਨਾ ਸਕੇ। ਪੁਲਿਸ ਵੱਲੋਂ ਵਾਰ-ਵਾਰ ਆਵਾਜ਼ਾਂ ਦੇਣ ਦੇ ਬਾਵਜੂਦ ਡਰਾਈਵਰ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ।

ਜਦੋਂ ਅਧਿਕਾਰੀਆਂ ਨੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸਮਝਦਿਆਂ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਚਾਨਕ ਹੋਸ਼ ਵਿੱਚ ਆ ਗਿਆ ਅਤੇ ਗੱਡੀ ਸਟਾਰਟ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਹਾਲਾਂਕਿ ਪੁਲਿਸ ਵਾਹਨਾਂ ਵੱਲੋਂ ਰਸਤਾ ਰੋਕੇ ਜਾਣ ਕਾਰਨ ਉਹ ਭੱਜ ਨਹੀਂ ਸਕਿਆ।

ਪੁਲਿਸ ਨੇ ਬਿਨਾਂ ਕਿਸੇ ਸੱਟ-ਫੇਟ ਦੇ ਉਸ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰੀ ਦੌਰਾਨ ਵਾਹਨ ਦੀ ਤਲਾਸ਼ੀ ਵਿੱਚੋਂ ਇੱਕ ਅਣਲੋਡ ਕੀਤੀ ਬੰਦੂਕ, ਗੋਲੀਆਂ ਅਤੇ ਤਿੰਨ ਚਾਕੂ ਬਰਾਮਦ ਕੀਤੇ ਗਏ।

ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਇਸ ਵੇਲੇ ਸਰੀ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਉਸ ਵਿਰੁੱਧ ਕੋਈ ਦੋਸ਼ ਅਦਾਲਤ ਵਿੱਚ ਦਾਇਰ ਨਹੀਂ ਕੀਤੇ ਗਏ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Exit mobile version