ਰੂਪਨਗਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਅਜਨਾਲਾ ਕਾਂਡ ਦੇ ਇੱਕ ਗਵਾਹ ਉੱਤੇ ਮੋਰਿੰਡਾ ਨੇੜੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ, ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਗਵਾਹ ਸੁਰੱਖਿਅਤ ਬਚ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਇਸ ਨੂੰ ਰੋਡ ਰੇਜ ਦਾ ਮਾਮਲਾ ਦੱਸਿਆ ਹੈ।
ਜਾਣਕਾਰੀ ਅਨੁਸਾਰ ਅਜਨਾਲਾ ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਗਵਾਹ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਮਾਵੀ ਨੇ ਤੜਕੇ ਕਰੀਬ ਦੋ ਵਜੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਉਸ ਦਾ ਪਿੱਛਾ ਕਰਦਿਆਂ ਗੋਲੀਆਂ ਚਲਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਰੂਪਨਗਰ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਿੰਡ ਸਮਰੌਲੀ ਦੇ ਰਹਿਣ ਵਾਲੇ ਜਸਬੀਰ ਸਿੰਘ ਉਰਫ਼ ਕਾਲਾ ਅਤੇ ਵਰਿੰਦਰ ਸਿੰਘ ਮਾਵੀ ਵਿਚਕਾਰ ਗੱਡੀ ਨੂੰ ਲੰਘਾਉਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਦੋਸ਼ ਹੈ ਕਿ ਜਸਬੀਰ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਪਹਿਲਾਂ ਹਵਾਈ ਫਾਇਰ ਕੀਤੇ ਅਤੇ ਫਿਰ ਮਾਵੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਸ ਦੇ ਪਿੰਡ ਤੱਕ ਪਹੁੰਚ ਗਿਆ।
ਪੁਲੀਸ ਮੁਤਾਬਕ ਮੁਲਜ਼ਮ ਨੇ ਮਾਵੀ ਅਤੇ ਉਸ ਦੇ ਸਾਥੀਆਂ ਨੂੰ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਥਾਣਾ ਸਦਰ ਮੋਰਿੰਡਾ ਵਿੱਚ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ। ਕੁਝ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਵਰਿੰਦਰ ਸਿੰਘ ਮਾਵੀ ਦੇ ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਗਵਾਹ ਹੋਣ ਕਾਰਨ ਇਹ ਹਮਲਾ ਕੀਤਾ ਗਿਆ ਹੈ। ਹਾਲਾਂਕਿ, ਪੁਲੀਸ ਨੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਜਾਂ ਗਵਾਹੀ ਨਾਲ ਜੁੜੇ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ।
ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਮਾਮਲਿਆਂ ਦੇ ਗਵਾਹਾਂ ਅਤੇ ਸ਼ਿਕਾਇਤਕਰਤਾਵਾਂ ਦੀ ਪੈਰਵੀ ਕਰ ਰਹੇ ਵਕੀਲ ਪਰਮਿੰਦਰ ਸਿੰਘ ਵਿੱਗ ਨੇ ਇਸ ਘਟਨਾ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਗਵਾਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਪੁਸ਼ਟ ਖ਼ਬਰਾਂ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਨਤੀਜੇ ‘ਤੇ ਨਾ ਪਹੁੰਚਣ।




