ਨਾਂਦੇੜ ’ਚ ਕਿਰਪਾਨ ਹਮਲੇ ਮਾਮਲੇ ’ਚ ਕਈ ਏਜੰਸੀਆਂ ਕਰ ਰਹੀਆਂ ਜਾਂਚ; ਪੁਲੀਸ ਨੂੰ ਮੁਲਜ਼ਮ ਦੇ ਕਿਸੇ ਅਪਰਾਧਿਕ ਸਬੰਧ ਦਾ ਵੀ ਨਹੀਂ ਮਿਲਿਆ ਸੁਰਾਗ
ਨਾਂਦੇੜ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਜਾਂਚ ਕਈ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ, ਪਰ ਲੰਮੇ ਸਮੇਂ ਤੱਕ ਪੁੱਛਗਿੱਛ ਕੀਤੇ ਜਾਣ ਦੇ ਬਾਵਜੂਦ ਪੁਲੀਸ ਨੂੰ ਹਮਲੇ ਪਿੱਛੇ ਹੁਣ ਤੱਕ ਕੋਈ ਠੋਸ ਕਾਰਨ ਨਹੀਂ ਮਿਲ ਸਕਿਆ। ਜਾਂਚਕਰਤਾਵਾਂ ਮੁਤਾਬਕ ਮੁਲਜ਼ਮ ਦੇ ਕਿਸੇ ਅਪਰਾਧਿਕ ਲਿੰਕ ਜਾਂ ਹੋਰ ਸ਼ੱਕੀ ਸਬੰਧਾਂ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜ਼ੈੱਡ ਪਲੱਸ ਸੁਰੱਖਿਆ ਘੇਰੇ ਵਾਲੇ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰੇ ਅੰਦਰ ਕਿਰਪਾਨ ਨਾਲ ਕੀਤੇ ਗਏ ਹਮਲੇ ਵਿੱਚ ਜ਼ਖ਼ਮੀ ਹੋ ਗਏ ਸਨ। ਹਮਲੇ ਦਾ ਦੋਸ਼ ਕਰੀਬ 60-62 ਸਾਲਾ ਜਸਪਾਲ ਸਿੰਘ ’ਤੇ ਹੈ, ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ।
ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਨਾਂਦੇੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਸਿਹਤ ਸਥਿਰ ਹੈ ਅਤੇ ਉਨ੍ਹਾਂ ਨੂੰ ਜਲਦ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ।
ਪੁਲੀਸ ਨੇ ਦੱਸਿਆ ਕਿ ਪੁਣੇ ਦਾ ਰਹਿਣ ਵਾਲਾ ਜਸਪਾਲ ਸਿੰਘ ਕਾਮਰਸ ਅਤੇ ਕਾਨੂੰਨ ਦੀਆਂ ਡਿਗਰੀਆਂ ਰੱਖਦਾ ਹੈ। ਉਸ ਨੂੰ ਪੁੱਛਗਿੱਛ ਲਈ ਨਾਂਦੇੜ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਉਸ ਤੋਂ ਲੰਮੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ, ਪਰ ਹਮਲਾ ਕਰਨ ਪਿੱਛੇ ਉਸ ਦਾ ਮਕਸਦ ਜਾਂ ਕੋਈ ਠੋਸ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ।
ਜਾਂਚ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਮੁਲਜ਼ਮ ਦੇ ਕਿਸੇ ਅਪਰਾਧਿਕ ਗਿਰੋਹ, ਸੰਗਠਨ ਜਾਂ ਹੋਰ ਸ਼ੱਕੀ ਨੈੱਟਵਰਕ ਨਾਲ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲੀਸ ਵੱਲੋਂ ਉਸ ਦੇ ਪਿਛੋਕੜ, ਸੰਪਰਕਾਂ ਅਤੇ ਹਮਲੇ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਂਟੀ ਟੈਰੋਰਿਸਟ ਸਕੁਐਡ (ਏਟੀਐੱਸ) ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਵੀ ਸਥਾਨਕ ਪੁਲੀਸ ਨਾਲ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਜਾਂਚਕਰਤਾ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਹਨ ਅਤੇ ਇਹ ਪ੍ਰਕਿਰਿਆ ਅੱਗੇ ਵੀ ਜਾਰੀ ਰਹਿਣ ਦੀ ਗੱਲ ਪੁਲੀਸ ਵੱਲੋਂ ਕਹੀ ਗਈ ਹੈ।
ਪੁਲੀਸ ਅਧਿਕਾਰੀਆਂ ਮੁਤਾਬਕ ਨਾਂਦੇੜ ਦੇ ਮੁਦਖੇੜ ਪੁਲੀਸ ਥਾਣੇ ਵਿੱਚ ਜਸਪਾਲ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਧਾਰਾ 109 (1) ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਧਾਰਾ 118 (1) ਤਹਿਤ ਖ਼ਤਰਨਾਕ ਹਥਿਆਰ ਜਾਂ ਸਾਧਨ ਨਾਲ ਜਾਣਬੁੱਝ ਕੇ ਸੱਟ ਪਹੁੰਚਾਉਣ ਅਤੇ ਧਾਰਾ 121 (2) ਤਹਿਤ ਕਿਸੇ ਲੋਕ ਸੇਵਕ ਨੂੰ ਉਸ ਦੇ ਫਰਜ਼ ਨਿਭਾਉਣ ਤੋਂ ਰੋਕਣ ਲਈ ਗੰਭੀਰ ਸੱਟ ਪਹੁੰਚਾਉਣ ਨਾਲ ਸਬੰਧਤ ਦੋਸ਼ ਲਗਾਏ ਗਏ ਹਨ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਸਪਾਲ ਸਿੰਘ ਪਿਛਲੇ ਲਗਭਗ ਦੋ ਸਾਲਾਂ ਤੋਂ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਟ ਵਿਖੇ ਸੇਵਾਦਾਰ ਜਾਂ ਵਲੰਟੀਅਰ ਵਜੋਂ ਸੇਵਾ ਕਰ ਰਿਹਾ ਸੀ। ਪੁਲੀਸ ਮੁਤਾਬਕ ਉਹ ਨਾਂਦੇੜ ਵਿੱਚ ਇਕੱਲਾ ਰਹਿ ਰਿਹਾ ਸੀ। ਹੁਣ ਜਾਂਚ ਏਜੰਸੀਆਂ ਉਸ ਦੀਆਂ ਪਿਛਲੀਆਂ ਗਤੀਵਿਧੀਆਂ, ਸੰਪਰਕਾਂ ਅਤੇ ਹਮਲੇ ਨਾਲ ਜੁੜੇ ਸੰਭਾਵਿਤ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਨਾਲ ਸਬੰਧਤ ਰਹੇ ਪੁਲੀਸ ਅਧਿਕਾਰੀ ਸੰਤੋਸ਼ ਕੇਂਦਰੇ ਵੀ ਹਮਲੇ ਦੌਰਾਨ ਜ਼ਖ਼ਮੀ ਹੋਏ। ਦੱਸਿਆ ਗਿਆ ਹੈ ਕਿ ਜਦੋਂ ਸੁਖਬੀਰ ਬਾਦਲ ’ਤੇ ਹਮਲਾ ਕੀਤਾ ਗਿਆ, ਉਸ ਸਮੇਂ ਉਹ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਨ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਫਿਲਹਾਲ ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਹਮਲੇ ਦੇ ਅਸਲ ਮਕਸਦ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਅਤੇ ਹੋਰ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਹਮਲੇ ਦੇ ਪਿੱਛੇ ਦੀ ਅਸਲ ਵਜ੍ਹਾ ਸਪੱਸ਼ਟ ਹੋ ਸਕੇਗੀ।




