ਪੰਜਾਬ ਸਰਕਾਰ ਨੇ ਸੂਬੇ ਦੀ ਪੁਲੀਸ ਵਿਵਸਥਾ ਵਿੱਚ ਵੱਡਾ ਫੇਰਬਦਲ ਕਰਦਿਆਂ 12 ਆਈਪੀਐੱਸ ਅਤੇ 112 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਸਬੰਧਤ ਸਾਰੇ ਅਧਿਕਾਰੀਆਂ ਨੂੰ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਆਈਪੀਐੱਸ ਅਧਿਕਾਰੀਆਂ ਦੀਆਂ ਅਹਿਮ ਤਾਇਨਾਤੀਆਂ
ਹੁਕਮਾਂ ਅਨੁਸਾਰ ਆਈਪੀਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਥਾਂ ਸਪੈਸ਼ਲ ਡੀਜੀਪੀ, ਐੱਨਆਰਆਈ, ਪੰਜਾਬ, ਐੱਸਏਐੱਸ ਨਗਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸਏਐੱਸ ਨਗਰ ਲਾਇਆ ਗਿਆ ਹੈ। ਉਹ ਵੀ. ਨੀਰਜਾ ਦੀ ਥਾਂ ਏਡੀਜੀਪੀ, ਜੇਲ੍ਹ, ਪੰਜਾਬ, ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਆਈਪੀਐੱਸ ਅਧਿਕਾਰੀ ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਉਹ ਡੀਆਈਜੀ, ਰੋਪੜ ਰੇਂਜ, ਰੋਪੜ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਵਤਸਲਾ ਗੁਪਤਾ ਨੂੰ ਏਆਈਜੀ ਪਰਸਨਲ-2, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਗਿਆ ਜੈਨ ਨੂੰ ਏਆਈਜੀ ਏਐੱਨਟੀਐੱਫ, ਲੁਧਿਆਣਾ ਰੇਂਜ, ਲੁਧਿਆਣਾ ਲਾਇਆ ਗਿਆ ਹੈ। ਉਹ ਏਆਈਜੀ ਇੰਟਰਨਲ ਸਿਕਿਓਰਿਟੀ, ਪੰਜਾਬ, ਲੁਧਿਆਣਾ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਅਰਵਿੰਦ ਮੀਣਾ ਨੂੰ ਡੀਸੀਪੀ ਲਾਅ ਐਂਡ ਆਰਡਰ, ਲੁਧਿਆਣਾ, ਜਦਕਿ ਆਕਰਸ਼ੀ ਜੈਨ ਨੂੰ ਡੀਸੀਪੀ ਹੈੱਡਕੁਆਰਟਰ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਜਸਰੂਪ ਕੌਰ ਬਾਠ ਨੂੰ ਡੀਸੀਪੀ ਲਾਅ ਐਂਡ ਆਰਡਰ, ਜਲੰਧਰ ਅਤੇ ਆਦਿਤਿਆ ਐੱਸ. ਵਾਰੀਅਰ ਨੂੰ ਡੀਸੀਪੀ ਸਿਟੀ, ਜਲੰਧਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਯੰਤ ਪੁਰੀ ਨੂੰ ਜਗਬਿੰਦਰ ਸਿੰਘ ਦੀ ਥਾਂ ਏਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਸ਼ੋਕ ਮੀਣਾ ਨੂੰ ਮਨਮੀਤ ਸਿੰਘ ਦੀ ਥਾਂ ਐੱਸਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਅਤੇ ਧਾਰਾਵਥ ਸਾਈ ਪ੍ਰਕਾਸ਼ ਨੂੰ ਦੇਵ ਸਿੰਘ ਦੀ ਥਾਂ ਏਡੀਸੀਪੀ-3, ਲੁਧਿਆਣਾ ਦਾ ਕੰਮਕਾਜ ਸੌਂਪਿਆ ਗਿਆ ਹੈ।
112 ਪੀਪੀਐੱਸ ਅਧਿਕਾਰੀਆਂ ਦਾ ਵੱਡਾ ਫੇਰਬਦਲ
ਪੰਜਾਬ ਪੁਲੀਸ ਸਰਵਿਸ ਦੇ 112 ਅਧਿਕਾਰੀਆਂ ਦੇ ਤਬਾਦਲਿਆਂ ਨਾਲ ਪੁਲੀਸ ਵਿਭਾਗ ਵਿੱਚ ਵਿਆਪਕ ਪੱਧਰ ’ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਕਮਿਸ਼ਨਰੇਟਾਂ ਤੋਂ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਅਤੇ ਪੁਲੀਸ ਇਕਾਈਆਂ ਵਿੱਚ ਡੀਸੀਪੀ, ਐੱਸਪੀ ਅਤੇ ਹੋਰ ਅਹਿਮ ਅਹੁਦਿਆਂ ’ਤੇ ਤਾਇਨਾਤੀਆਂ ਸ਼ਾਮਲ ਹਨ।
ਅੰਮ੍ਰਿਤਸਰ ਵਿੱਚ 5ਵੀਂ ਆਈਆਰਬੀ ਦੇ ਕਮਾਂਡੈਂਟ ਸੂਬਾ ਸਿੰਘ ਨੂੰ ਡੀਆਈਜੀ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭਜੋਤ ਸਿੰਘ ਨੂੰ ਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਰਾਵਿੰਦਰਪਾਲ ਸਿੰਘ ਨੂੰ ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਆਲਮ ਵਿਜੈ ਸਿੰਘ ਨੂੰ ਡੀਸੀਪੀ ਸਿਟੀ, ਲੁਧਿਆਣਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਸਕਿਰਨਜੀਤ ਸਿੰਘ ਅਤੇ ਗੁਰਸੇਵਕ ਸਿੰਘ ਦੀਆਂ ਤਾਇਨਾਤੀਆਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਦੋਵਾਂ ਨੇ ਡੀਸੀਪੀ ਸਿਟੀ ਅੰਮ੍ਰਿਤਸਰ ਅਤੇ ਡੀਸੀਪੀ ਰੂਰਲ ਲੁਧਿਆਣਾ ਵਿੱਚ ਆਪੋ-ਆਪਣੀਆਂ ਜ਼ਿੰਮੇਵਾਰੀਆਂ ਦੀ ਅਦਲਾ-ਬਦਲੀ ਕੀਤੀ ਹੈ।
ਜਲੰਧਰ ਵਿੱਚ ਮਨਪ੍ਰੀਤ ਸਿੰਘ ਨੂੰ ਡੀਸੀਪੀ ਸਪੈਸ਼ਲ ਬ੍ਰਾਂਚ ਅਤੇ ਗੁਰਮੀਤ ਕੌਰ ਨੂੰ 27ਵੀਂ ਬਟਾਲੀਅਨ ਪੀਏਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਡੀਐੱਸਪੀ ਤੋਂ ਕਾਰਜਕਾਰੀ ਐੱਸਪੀ ਬਣੇ ਕਈ ਅਧਿਕਾਰੀ
ਤਬਾਦਲਿਆਂ ਦੇ ਨਾਲ-ਨਾਲ ਪੁਲੀਸ ਵਿਭਾਗ ਵਿੱਚ ਤਰੱਕੀਆਂ ਵੀ ਕੀਤੀਆਂ ਗਈਆਂ ਹਨ। ਹੁਕਮਾਂ ਤਹਿਤ ਡੀਐੱਸਪੀ ਰੈਂਕ ਦੇ ਕਈ ਅਧਿਕਾਰੀਆਂ ਨੂੰ ਕਾਰਜਕਾਰੀ ਐੱਸਪੀ ਵਜੋਂ ਤਰੱਕੀ ਦੇ ਕੇ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ।
ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚ ਗਗਨਦੀਪ ਸਿੰਘ, ਸੰਜੀਵ ਗੋਇਲ, ਹਰਸਿਮਰਤ ਸਿੰਘ, ਰਾਵਿੰਦਰ ਸਿੰਘ, ਨਿਰਵੈਰ ਸਿੰਘ, ਦਲਬੀਰ ਸਿੰਘ, ਮੁਨੀਸ਼ ਕੁਮਾਰ, ਮਹੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਸਮੇਤ ਦੋ ਦਰਜਨ ਤੋਂ ਵੱਧ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਨੂੰ ਬਰਨਾਲਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਪੀ ਆਪ੍ਰੇਸ਼ਨਜ਼ ਅਤੇ ਐੱਸਪੀ ਇਨਵੈਸਟੀਗੇਸ਼ਨ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਬਿਕਰਮਜੀਤ ਸਿੰਘ ਬਰਾੜ ਨੂੰ ਰਾਜਪੁਰਾ ਦੀ ਜ਼ਿੰਮੇਵਾਰੀ
ਬਿਕਰਮਜੀਤ ਸਿੰਘ ਬਰਾੜ ਨੂੰ ਡੇਰਾਬੱਸੀ ਤੋਂ ਬਦਲ ਕੇ ਐੱਸਪੀ ਰਾਜਪੁਰਾ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕੋਲ ਐੱਸਪੀ ਏਜੀਟੀਐੱਫ ਅਤੇ ਐੱਸਪੀ ਆਪ੍ਰੇਸ਼ਨਜ਼ ਔਫਟੈਕ ਦਾ ਵਾਧੂ ਚਾਰਜ ਵੀ ਰਹੇਗਾ।
ਇਸੇ ਤਰ੍ਹਾਂ ਆਕਾਸ਼ਦੀਪ ਸਿੰਘ ਔਲਖ ਨੂੰ ਐੱਸਪੀ ਆਪ੍ਰੇਸ਼ਨਜ਼, ਐੱਸਏਐੱਸ ਨਗਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕੋਲ ਐੱਸਪੀ ਪੀਬੀਆਈ ਦਾ ਵਾਧੂ ਚਾਰਜ ਵੀ ਰਹੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਬੰਧਤ ਅਧਿਕਾਰੀ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਤੁਰੰਤ ਰਿਪੋਰਟ ਕਰਨ। ਇਨ੍ਹਾਂ ਤਬਾਦਲਿਆਂ ਅਤੇ ਤਾਇਨਾਤੀਆਂ ਨਾਲ ਸੂਬੇ ਦੇ ਪੁਲੀਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ’ਤੇ ਜ਼ਿੰਮੇਵਾਰੀਆਂ ਦੀ ਅਦਲਾ-ਬਦਲੀ ਹੋਈ ਹੈ, ਜਿਸ ਦਾ ਮਕਸਦ ਵੱਖ-ਵੱਖ ਪੁਲੀਸ ਇਕਾਈਆਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਅਤੇ ਅਹਿਮ ਅਹੁਦਿਆਂ ’ਤੇ ਪ੍ਰਸ਼ਾਸਨਿਕ ਲੋੜ ਮੁਤਾਬਕ ਨਵੀਆਂ ਜ਼ਿੰਮੇਵਾਰੀਆਂ ਸੌਂਪਣਾ ਹੈ।




