HomeGlobalਭਾਰਤੀ ਚੋਣ ਪ੍ਰਣਾਲੀ ਤੋਂ ਪ੍ਰਭਾਵਿਤ ਟਰੰਪ! ਅਮਰੀਕਾ ’ਚ ‘SAVE America Act’ ਲਈ...

ਭਾਰਤੀ ਚੋਣ ਪ੍ਰਣਾਲੀ ਤੋਂ ਪ੍ਰਭਾਵਿਤ ਟਰੰਪ! ਅਮਰੀਕਾ ’ਚ ‘SAVE America Act’ ਲਈ ਫੋਟੋ ਆਈਡੀ ਨੂੰ ਬਣਾਇਆ ਮੁੱਦਾ

ਟਰੂਥ ਸੋਸ਼ਲ ’ਤੇ ਭਾਰਤ ਦੀ ਵੋਟਰ ਪਛਾਣ ਪ੍ਰਣਾਲੀ ਦੀ ਕੀਤੀ ਸ਼ਲਾਘਾ; ਕਾਂਗਰਸ ਨੂੰ ਬਿੱਲ ਤੁਰੰਤ ਪਾਸ ਕਰਨ ਦੀ ਅਪੀਲ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿੱਚ ‘ਸੇਵ ਅਮੈਰਿਕਾ ਐਕਟ’ (SAVE America Act) ਲਾਗੂ ਕਰਵਾਉਣ ਦੀ ਆਪਣੀ ਮੰਗ ਨੂੰ ਮੁੜ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਇਸ ਵਾਰ ਟਰੰਪ ਨੇ ਆਪਣੇ ਹੱਕ ਵਿੱਚ ਦਲੀਲ ਦਿੰਦਿਆਂ ਭਾਰਤ ਦੀ ਚੋਣ ਪ੍ਰਣਾਲੀ ਅਤੇ ਵੋਟਰ ਪਛਾਣ ਸਬੰਧੀ ਨਿਯਮਾਂ ਦਾ ਹਵਾਲਾ ਦਿੱਤਾ ਹੈ।

ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੂਥ ਸੋਸ਼ਲ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਭਾਰਤ ਦੀ ਚੋਣ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਇੱਕ ਕਥਿਤ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਵਿੱਚ ਬਿਨਾਂ ਫੋਟੋ ਪਛਾਣ ਪੱਤਰ ਦੇ ਵੋਟ ਪੈਣ ਦੀ ਪ੍ਰਥਾ ’ਤੇ ਹੈਰਾਨੀ ਜਤਾਈ ਸੀ।

ਟਰੰਪ ਨੇ ਭਾਰਤ ਦੀ ਚੋਣ ਪ੍ਰਣਾਲੀ ਦਾ ਦਿੱਤਾ ਹਵਾਲਾ

ਟਰੰਪ ਨੇ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਕਿ ਇਸੇ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਮਰੀਕੀ ਪ੍ਰਸ਼ਾਸਨ ਤੋਂ ਇਹ ਸਵਾਲ ਕੀਤਾ ਸੀ ਕਿ ਅਮਰੀਕਾ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਦੇ ਚੋਣਾਂ ਕਿਵੇਂ ਕਰਵਾਈਆਂ ਜਾ ਸਕਦੀਆਂ ਹਨ।

ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਿਹਾ ਕਿ ਭਾਰਤ ਵਿੱਚ ਲਗਭਗ 64.6 ਕਰੋੜ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਇੱਕ ਫੀਸਦੀ ਤੋਂ ਵੀ ਘੱਟ ਵੋਟਰਾਂ ਨੇ ਡਾਕ ਰਾਹੀਂ ਵੋਟ ਪਾਈ ਅਤੇ ਵੋਟਰਾਂ ਕੋਲ ਵੈਧ ਫੋਟੋ ਪਛਾਣ ਪੱਤਰ ਮੌਜੂਦ ਸੀ।

ਟਰੰਪ ਨੇ ਇਸ ਉਦਾਹਰਨ ਨੂੰ ਅਮਰੀਕਾ ਵਿੱਚ ਚੋਣ ਪ੍ਰਣਾਲੀ ਨੂੰ ਹੋਰ ਸਖ਼ਤ ਬਣਾਉਣ ਦੀ ਆਪਣੀ ਦਲੀਲ ਨਾਲ ਜੋੜਦਿਆਂ ਅਮਰੀਕੀ ਕਾਂਗਰਸ ਨੂੰ ‘SAVE America Act’ ਨੂੰ ਤੁਰੰਤ ਪਾਸ ਕਰਨ ਦੀ ਅਪੀਲ ਕੀਤੀ।

ਕੀ ਹੈ ‘SAVE America Act’?

ਵਾਈਟ ਹਾਊਸ ਮੁਤਾਬਕ ਪ੍ਰਸਤਾਵਿਤ ‘Safeguard American Voter Eligibility Act’ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਦੀਆਂ ਸੰਘੀ ਚੋਣਾਂ ਵਿੱਚ ਸਿਰਫ਼ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ।

ਪ੍ਰਸਤਾਵਿਤ ਕਾਨੂੰਨ ਤਹਿਤ ਵੋਟਰ ਰਜਿਸਟ੍ਰੇਸ਼ਨ ਸਮੇਂ ਨਾਗਰਿਕਤਾ ਦਾ ਸਬੂਤ ਅਤੇ ਵੈਧ ਪਛਾਣ ਪੱਤਰ ਮੁਹੱਈਆ ਕਰਵਾਉਣ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਡਾਕ ਰਾਹੀਂ ਵੋਟਿੰਗ ਨਾਲ ਸਬੰਧਤ ਨਿਯਮਾਂ ਨੂੰ ਵੀ ਸਖ਼ਤ ਕਰਨ ਦੀ ਤਜਵੀਜ਼ ਹੈ।

ਪ੍ਰਸਤਾਵ ਮੁਤਾਬਕ ਡਾਕ ਰਾਹੀਂ ਵੋਟਿੰਗ ਦੀ ਸਹੂਲਤ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਹੀ ਉਪਲਬਧ ਕਰਵਾਉਣ ਦੀ ਗੱਲ ਹੈ। ਇਨ੍ਹਾਂ ਵਿੱਚ ਬਿਮਾਰੀ, ਅਪਾਹਜਤਾ, ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਸਥਿਤੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਭਾਰਤ ਤੇ ਬ੍ਰਾਜ਼ੀਲ ਦੀ ਪ੍ਰਣਾਲੀ ਦਾ ਵੀ ਜ਼ਿਕਰ

ਅਮਰੀਕੀ ਪ੍ਰਸ਼ਾਸਨ ਨੇ ਚੋਣ ਪ੍ਰਣਾਲੀ ਵਿੱਚ ਵੋਟਰ ਪਛਾਣ ਨੂੰ ਲੈ ਕੇ ਹੋਰ ਦੇਸ਼ਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਭਾਰਤ ਅਤੇ ਬ੍ਰਾਜ਼ੀਲ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਇਨ੍ਹਾਂ ਦੇਸ਼ਾਂ ਵਿੱਚ ਵੋਟਰ ਪਛਾਣ ਪ੍ਰਣਾਲੀਆਂ ਨੂੰ ਬਾਇਓਮੈਟ੍ਰਿਕ ਡਾਟਾਬੇਸ ਨਾਲ ਜੋੜਿਆ ਜਾਂਦਾ ਹੈ।

ਇਸ ਦੇ ਉਲਟ ਅਮਰੀਕੀ ਚੋਣ ਪ੍ਰਣਾਲੀ ਵਿੱਚ ਨਾਗਰਿਕਤਾ ਦੀ ਪੁਸ਼ਟੀ ਲਈ ਕਈ ਮਾਮਲਿਆਂ ਵਿੱਚ ਸਵੈ-ਘੋਸ਼ਣਾ ’ਤੇ ਨਿਰਭਰਤਾ ਦਾ ਹਵਾਲਾ ਦਿੱਤਾ ਗਿਆ ਹੈ। ਟਰੰਪ ਪ੍ਰਸ਼ਾਸਨ ਇਸੇ ਮੁੱਦੇ ਨੂੰ ਚੋਣ ਪ੍ਰਕਿਰਿਆ ਵਿੱਚ ਹੋਰ ਸਖ਼ਤ ਪਛਾਣ ਅਤੇ ਨਾਗਰਿਕਤਾ ਜਾਂਚ ਲਾਗੂ ਕਰਨ ਲਈ ਆਪਣੀ ਦਲੀਲ ਵਜੋਂ ਪੇਸ਼ ਕਰ ਰਿਹਾ ਹੈ।

ਬਿੱਲ ਰਾਹੀਂ ਗੈਰ-ਨਾਗਰਿਕਾਂ ਨੂੰ ਵੋਟਰ ਸੂਚੀਆਂ ਤੋਂ ਹਟਾਉਣ ਦੀ ਤਜਵੀਜ਼

ਇਹ ਬਿੱਲ 29 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ। ਇਸ ਤਹਿਤ ਰਾਜਾਂ ਨੂੰ ਵੋਟਰ ਸੂਚੀਆਂ ਵਿੱਚੋਂ ਗੈਰ-ਨਾਗਰਿਕਾਂ ਦੇ ਨਾਂ ਹਟਾਉਣ ਸਬੰਧੀ ਹਦਾਇਤਾਂ ਦੇਣ ਦੀ ਵੀ ਤਜਵੀਜ਼ ਹੈ।

ਟਰੰਪ ਵੱਲੋਂ ਭਾਰਤ ਦੀ ਚੋਣ ਪ੍ਰਣਾਲੀ ਦਾ ਹਵਾਲਾ ਦੇ ਕੇ SAVE America Act ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਨਾਲ ਅਮਰੀਕਾ ਵਿੱਚ ਵੋਟਰ ਪਛਾਣ, ਨਾਗਰਿਕਤਾ ਦੀ ਪੁਸ਼ਟੀ ਅਤੇ ਡਾਕ ਰਾਹੀਂ ਵੋਟਿੰਗ ਦੇ ਨਿਯਮਾਂ ਨੂੰ ਲੈ ਕੇ ਚੱਲ ਰਹੀ ਬਹਿਸ ਮੁੜ ਤੇਜ਼ ਹੋ ਗਈ ਹੈ। ਹੁਣ ਇਸ ਬਿੱਲ ਨੂੰ ਅਮਰੀਕੀ ਕਾਂਗਰਸ ਵਿੱਚ ਕਿੰਨਾ ਸਮਰਥਨ ਮਿਲਦਾ ਹੈ, ਇਸ ’ਤੇ ਨਜ਼ਰ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments