ਸਿਆਟਲ, 23 ਅਗਸਤ – ਉੱਘੇ ਸਮਾਜ ਸੇਵੀ ਅਤੇ ਲੇਖਕ ਸ. ਬਲਜੀਤ ਸਿੰਘ ਸੈਂਹਬੀ ਵੱਲੋਂ ਲਿਖੀ ਗਈ ਡਾਇਰੈਕਟਰੀ “ਇੰਡੋ ਅਮਰੀਕਨ ਯੈਲੋ ਪੇਜ”ਨੂੰ ਅੱਜ ਸਥਾਨਕ ਖੇਡ ਮੈਦਾਨ ਸਿਆਟਲ ਵਿਖੇ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਅਰਪਣ ਕੀਤਾ ਗਿਆ।
ਇਹ ਡਾਇਰੈਕਟਰੀ ਸਿਆਟਲ ਅਤੇ ਇਸਦੇ ਆਸ-ਪਾਸ ਵਸਦੇ ਭਾਰਤੀ ਭਾਈਚਾਰੇ, ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਵਿੱਚ ਸਿਆਟਲ ਖੇਤਰ ਦੀਆਂ ਸਾਰੀਆਂ ਪ੍ਰਮੁੱਖ ਕਾਰੋਬਾਰੀ ਸੰਸਥਾਵਾਂ, ਬਿਜ਼ਨਸਮੈਨਾਂ, ਗੁਰੂ ਘਰਾਂ, ਧਾਰਮਿਕ ਅਤੇ ਸਮਾਜਿਕ ਸੇਵਾਵਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਹੈ, ਜਿਸ ਨਾਲ ਨਵੇਂ ਆਏ ਪ੍ਰਵਾਸੀਆਂ ਨੂੰ ਸਹੀ ਜਾਣਕਾਰੀ ਇੱਕੋ ਥਾਂ ‘ਤੇ ਮਿਲ ਸਕੇਗੀ।
ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਪ੍ਰਸਿੱਧ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਨਾਮੀ ਲੋਕ ਗਾਇਕ ਬਲਵੀਰ ਲਹਿਰਾ, ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਸ. ਕਰਨੈਲ ਸਿੰਘ ਕੈਲ, ਪ੍ਰਸਿੱਧ ਗੀਤਕਾਰ ਮਨਜੀਤ ਸਿੰਘ ਚਾਹਲ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਸ. ਬਲਜੀਤ ਸਿੰਘ ਸੈਂਹਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਿਰਫ ਇੱਕ ਕਿਤਾਬ ਨਹੀਂ, ਸਗੋਂ ਪੂਰੇ ਭਾਈਚਾਰੇ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਇੱਕ ਵਧੀਆ ਯਤਨ ਹੈ। ਅੰਤ ਵਿੱਚ ਸ. ਬਲਜੀਤ ਸਿੰਘ ਸੈਂਹਬੀ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਪੱਤਰਕਾਰ ਭਰਾਵਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।




