Google search engine
Home Canada ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ...

ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ

ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਵੋਟਰਾਂ ਤੋਂ ਸਹਿਯੋਗ ਮੰਗਿਆ

ਸਰੀ , 23 ਅਗਸਤ (ਹਰਦਮ ਮਾਨ )- ਜਿਉਂ ਜਿਉਂ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਤ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ‘ਚ ਚੋਣ ਗਤੀਵਿਧੀਆਂ ਦੀ ਬਹੁਤਾਤ ਕਾਰਨ ਚੋਣ ਬੁਖਾਰ ਲਗਾਤਾਰ ਭਖਦਾ ਨਜ਼ਰ ਆ ਰਿਹਾ ਹੈ। ਇਸੇ ਹੀ ਕੜੀ ਤਹਿਤ ਸਰੀ ਕੰਸਰਵੇਟਿਵ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੜ ‘ਚ ਨਿਤਰੇ ਗਏ ਉੱਘੇ ਵਕੀਲ ਹੋਣਵੀਰ ਰੰਧਾਵਾ ਦੇ ਹੱਕ ‘ਚ ਆਰੀਆ ਬੈਂਕੁਟ ਹਾਲ ਵਿੱਚ ਆਯੋਜਿਤ ਕੀਤੇ ਇੱਕ ਫੰਡਰੇਜਿੰਗ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਉਨਾਂ ਦੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਆਯੋਜਿਤ ਕੀਤੇ ਸਮਾਗਮ ਦੀ ਸ਼ੁਰੂਆਤ ਗਾਇਕਾ ਕਿਆਰਾ ਵੱਲੋਂ ਕੈਨੇਡਾ ਦੇ ਕੌਮੀ ਗੀਤ ‘ ਓ ਕੈਨੇਡਾ’ ਗਾ ਕੇ ਕੀਤੀ ਗਈ । ਉਪਰੰਤ ਵੱਖ-ਵੱਖ ਉਮੀਦਵਾਰਾਂ ਨੇ ਸਰੀ ਦੀ ਮੌਜੂਦਾ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕੰਸਰਵੇਟਿਵ ਸਲੇਟ ਦੇ ਮੇਅਰ ਉਮੀਦਵਾਰ ਅਤੇ ਕੌਂਸਲਰਾਂ ਦੀ ਚੋਣ ਲੜ ਰਹੇ ਬਾਕੀ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਆਪਣੀ ਤਕਰੀਰ ਦੌਰਾਨ ਮੇਅਰ ਉਮੀਦਵਾਰ ਅਤੇ ਉੱਘੇ ਵਕੀਲ ਹੋਣਵੀਰ ਰੰਧਾਵਾ ਨੇ ਵਾਅਦਾ ਕੀਤਾ ਕਿ ਜੇਕਰ ਉਹ ਅਤੇ ਉਨਾਂ ਦੀ ਸਲੇਟ ਦੇ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹ ਸਰੀ ਵਾਸੀਆਂ ਲਈ ਲੁੜੀਦੀਆਂ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣ ਦੇ ਨਾਲ ਨਾਲ ਗੈਂਗ ਹਿੰਸਾ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਵਜ਼ਨਬੱਧ ਅਤੇ ਯਤਨਸ਼ੀਲ ਰਹਿਣਗੇ। ਉਹਨਾਂ ਸਰੀ ਕੰਸਰਵੇਟਿਵ ਵਲੋਂ ਵਾਅਦਿਆਂ ਦੀ ਇਕ ਲੰਬੀ ਲੜੀ ਪੇਸ਼ ਕੀਤੀ ਜਿਸ ਤਹਿਤ ਅਗਲੇ ਚਾਰ ਸਾਲਾਂ ਦੌਰਾਨ ਪ੍ਰਾਪਰਟੀ ਟੈਕਸ ਫਰੀਜ ਕਰਨ, ਪ੍ਰਾਪਰਟੀ ਟੈਕਸ ਵਿਚ 600 ਡਾਲਰ ਦੀ ਰਾਹਤ, ਉਸਾਰੀ ਪਰਮਿਟ ਇਕ ਹਫਤੇ ਵਿਚ ਜਾਰੀ ਕਰਨ, ਛੋਟੋ ਕਾਰੋਬਾਰਾਂ ਲਈ ਟੈਕਸ ਵਿਚ 5 ਪ੍ਰਤੀਸ਼ਤ ਰਾਹਤ, ਬਿਜਨਸ ਲਾਇਸੰਸ ਫੀਸ ਵਿਚ ਛੋਟ, ਪਾਣੀ ਬਿਲਾਂ ਵਿਚ 50 ਪ੍ਰਤੀਸ਼ਤ ਤੱਕ ਕਟੌਤੀ, ਸਾਉਥ ਸਰੀ ਤੱਕ ਸਕਾਈਟਰੇਨ ਦਾ ਵਿਸਥਾਰ ਅਤੇ ਸਭ ਤੋਂ ਅਹਿਮ ਕਿ ਉਹ ਅਗਲੇ ਚਾਰ ਸਾਲ ਦੌਰਾਨ ਕੌਂਸਲਰਾਂ ਦੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀ ਕਰਨਗੇ। ਇਸ ਲਈ ਉਹਨਾਂ ਦੀ ਟੀਮ ਇਕ ਹਲਫੀਆ ਬਿਆਨ ਵੀ ਦੇਵੇਗੀ। ਅਖੀਰ ਚ ਉਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਮੰਚ ਤੋਂ ਆਪਣੀ ਟੀਮ ਵਿਚ ਸ਼ਾਮਿਲ ਕੌਂਸਲਰ ਉਮੀਦਵਾਰਾਂ- ਕੈਲਵਿਨ ਵੈਡਰ ਪਲੋਗ, ਰਿੱਕੀ ਬਾਜਵਾ, ਡੋਨਾ ਵੂ, ਡੈਨ ਬੀ ਕਾਰਲੋਸ, ਸੈਂਡੀ ਦੋਸਾਂਝ ਅਤੇ ਟਾਮ ਸੈਡ ਦੀ ਹਾਜ਼ਰੀਨ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਦੀ ਕਾਬਲੀਅਤ ਅਤੇ ਸਰੀ ਸ਼ਹਿਰ ਲਈ ਪ੍ਰਤੀਬਧਤਾ ਦਾ ਪ੍ਰਗਟਾਵਾ ਦੁਹਰਾਇਆ । ਇਸ ਮੌਕੇ ਸਕੂਲ ਟਰੱਸਟੀ ਉਮੀਦਵਾਰ ਗੁਰਨੂਰ ਚੀਮਾ ਦੀ ਵੀ ਜਾਣ ਪਹਿਚਾਣ ਕਰਵਾਈ ਗਈ। ਇਸ ਭਾਰੀ ਇਕੱਠ ਦੌਰਾਨ ਹਾਜ਼ਰ ਸ਼ਖਸ਼ੀਅਤਾਂ ਵਿੱਚ ਜਗਦੀਪ ਸੰਧੂ ,ਬੈਰੀ ਨਿਊਫਿਲਡ, ਜੂਥ ਹੀਥਰਗੋਟਨ, ਤਰਨਜੀਤ ਮੱਕੜ, ਜਤਿੰਦਰ ਸੰਧੂ, ਨੈਬ ਬਰਾੜ, ਅਮਰੀਕ ਸਿੱਧੂ, ਦੀਪ ਰੰਧਾਵਾ, ਜਗਸੀਰ ਗਿੱਲ, ਰਜੇਸ਼ ਚਾਵਲਾ,ਜਸਪਾਲ ਨੰਦਾ,ਅੰਮ੍ਰਿਤ ਢੋਟ, ਗੁਰਲੀਨ, ਨਿਊਵੇਅ ਰੇਲਿੰਗ ਤੋਂ ਨਿਰਭੈ ਕੈਂਥ,ਅਜਮੇਰ ਸਿੰਘ ਭਾਗਪੁਰ, ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਉਘੇ ਕਵੀ ਜਸਵਿੰਦਰ, ਰਾਜਵੰਤ ਰਾਜ, ਰਵੀ ਭੁੱਲਰ, ਡਾ ਨਿਰਮਲ ਰੰਧਾਵਾ, ਕਮਲਜੀਤ ਸਿੰਘ ਮੋਗਾ ਤੇ ਹੋਰ ਹਾਜ਼ਰ ਸਨ।

Exit mobile version