HomeCanadaਸਿੱਖ ਵਿਰਾਸਤ ਨੂੰ ਸੰਭਾਲਣ ਲਈ ਸਰੀ 'ਚ ਦੋ ਰੋਜ਼ਾ ਪੁਰਾਤਨ ਯੁੱਧ ਕਲਾ...

ਸਿੱਖ ਵਿਰਾਸਤ ਨੂੰ ਸੰਭਾਲਣ ਲਈ ਸਰੀ ‘ਚ ਦੋ ਰੋਜ਼ਾ ਪੁਰਾਤਨ ਯੁੱਧ ਕਲਾ ਮੁਕਾਬਲੇ ਕਰਵਾਏ

ਅਕਾਲ ਖ਼ਾਲਸਾ ਵਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਮੁਕਾਬਲਿਆਂ ‘ਚ ਅਮਰੀਕਾ ਤੇ ਕੈਨੇਡਾ ਤੋਂ 100 ਵਿਦਿਆਰਥੀਆਂ ਨੇ ਭਾਗ ਲਿਆ

ਘੋੜ ਸਵਾਰੀ ਤੋਂ ਲੈ ਹਰ ਪੁਰਾਤਨ ਸ਼ਾਸਤਰ ਚਲਾਉਣ ਵਾਲੇ ਵਿਸ਼ੇਸ ਐਵਾਰਡਾਂ ਨਾਲ ਸਨਮਾਨਿਤ

ਸਰੀ (ਜੋਗਿੰਦਰ ਸਿੰਘ ) -ਸਿੱਖ ਵਿਰਾਸਤ ਨੂੰ ਸੰਭਾਲਣ ਲਈ ਕੈਨੇਡਾ ‘ਚ ਚੱਲ ਰਹੇ ਉਪਰਾਲਿਆਂ ਦੌਰਾਨ ਅਕਾਲ ਖ਼ਾਲਸਾ ਮਾਰਸ਼ਲ ਆਰਟ ਵਲੋਂ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ਸਿੱਖ ਵਾਰੀਅਰ 2026 ਦੇ ਨਾਂਅ ਹੇਠ ਪੁਰਾਤਨ ਯੁੱਧ ਕਲਾ ਨੂੰ ਸਮਰਪਿਤ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਖ਼ਾਲਸਾਈ ਬਾਣੇ ‘ਚ ਸਜੇ ਸੈਕੜੇ ਬੱਚੇ ਜਿਥੇ ਘੋੜ ਸਵਾਰੀ ਤੋਂ ਲੈ ਕੇ ਪੁਰਾਤਨ ਸ਼ਾਸਤਰ ਚਲਾਉਣ ਦੌਰਾਨ ਜਾਹੋ ਜਲਾਲ ਵਾਲਾ ਮਹੌਲ ਸਿਰਜ ਰਹੇ ਸਨ, ਉਥੇ ਨੀਲੇ, ਕੇਸਰੀ ਬਾਣਿਆ ‘ਚ ਸਜੇ ਬੱਚੇ ਸਿੱਖੀ ਦਾ ਵਿਲੱਖਣ ਰੰਗ ਪੇਸ਼ ਕਰ ਰਹੇ ਸਨ | ਮੁਕਾਬਲਿਆਂ ‘ਚ ਕੈਨੇਡਾ ਦੀਆਂ ਵੱਖ ਵੱਖ ਸਟੇਟਾਂ ਤੋਂ ਇਲਾਵਾ ਅਮਰੀਕਾ ਤੋਂ ਵੀ ਵਿਦਿਆਰਥੀ ਪੁੱਜੇ ਹੋਏ ਸਨ | ਇਨ੍ਹਾਂ ਮੁਕਾਬਲਿਆਂ ਦੌਰਾਨ ਛੋਟੇ ਛੋਟੇ ਬੱਚਿਆਂ ਤੋਂ ਇਲਾਵਾ ਨੌਜਵਾਨਾਂ ਵਲੋਂ ਪਹਿਲਾਂ ਘੋੜਿਆਂ ਦੀਆਂ ਕਾਠੀਆਂ ‘ਤੇ ਸਵਾਰ ਹੋ ਤੀਰ ਅੰਦਾਜ਼ੀ, ਨੇਜੇਬਾਜੀ, ਕਿੱਲੇ ਪੁੱਟਣ ਦੇ ਦਿਲ ਖਿੱਚ ਮੁਕਾਬਲੇ ਦਿਖਾਏ ਤੇ ਬਾਅਦ ‘ਚ ਦੋ ਦਿਨ ਪੁਰਾਤਨ ਸ਼ਾਸਤਰਾਂ ਕਿਰਪਾਨ, ਤੀਰ ਕਮਾਨ, ਖੰਡੇ, ਨੇਜੇਬਾਜੀ ਤੇ ਹੋਰ ਅਨੇਕਾਂ ਸ਼ਾਸਤਰਾਂ ਨੂੰ ਐਸਾ ਚਲਾਇਆ ਕਿ ਦੇਖਣ ਵਾਲਿਆਂ ਨੂੰ ਜੈਕਾਰੇ ਗਜਾਉਣ ਲਈ ਮਜਬੂਰ ਕਰ ਦਿੱਤਾ | ਮੁਕਾਬਲਿਆਂ ਦੇ ਜੇਤੂਆਂ ਰਣ ਦੇ ਸੂਰਮੇ, ਜੋਧੇ, ਤੱਤ ਖ਼ਾਲਸੇ, ਨਿਪੁੰਨ ਜੋਧੇ, ਸਿੱਖ ਵਾਰੀਅਰ, ਸਿੰਘ ਸੂਰਮੇ, ਕੌਰ ਵਾਰੀਅਰ ਤੇ ਹੋਰ ਅਨੇਕਾਂ ਪੁਰਾਤਨ ਐਵਾਰਡਾਂ ਨਾਲ ਨਿਵਾਜਿਆ | ਦੋਵੇਂ ਦਿਨ ਮੁਕਾਬਲੇ ਇੰਨੇ ਦਿਲਚਸਪ ਤੇ ਫਸਵੇਂ ਰਹੇ ਕਿ ਸੰਗਤ ਸ਼ਾਹ ਰੋਕ ਰੋਕ ਦੇਖਦੀ ਰਹੀ |

ਇਨ੍ਹਾਂ ਸਮਾਗਮਾਂ ਦੇ ਮੁੱਖ ਪ੍ਰਬੰਧਕ ਭਾਈ ਜਗਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਨਾਲ ਸਹਿਯੋਗੀ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਜੇਤੂ ਵਿਦਿਆਰਥੀਆਂ ਦੇ ਨਾਲ ਨਾਲ ਹਰ ਉਸ ਵਿਦਿਆਰਥੀ ਨੂੰ ਖ਼ਾਲਸਾਈ ਜੋਧਾ ਕਰਾਰ ਦਿੱਤਾ, ਜਿਸ ਵਲੋਂ ਮੁਕਾਬਲਿਆਂ ‘ਚ ਭਾਗ ਲਿਆ ਗਿਆ | ਜੇਤੂਆਂ ਨੂੰ ਇਨਾਮ ਵਜੋਂ ਗੋਲਡਨ, ਚਾਂਦੀ ਢਾਲਾਂ, ਕਿਰਪਾਨਾਂ, ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵਾਲੀਆਂ ਟੀ ਸਰਟਾਂ, ਹੁਡੀਆਂ ਨਾਲ ਸਨਮਾਨਿਆ ਗਿਆ | ਸਮਾਗਮਾਂ ਦੀ ਕੋਆਰਡੀਨੇਟਰ ਮਿਲਨਜੀਤ ਕੌਰ ਖ਼ਾਲਸਾ ਨੇ ਦੱਸਿਆ ਕਿ ਮੁਕਾਬਲਿਆਂ ‘ਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਸਹਿਯੋਗੀਆਂ ‘ਚ ਗੁਰਦੀਪ ਸਿੰਘ ਸਮਰਾ, ਭਾਈ ਜਸਵੀਰ ਸਿੰਘ, ਅਮਨਦੀਪ ਸਿੰਘ ਗਰਚਾ, ਦਿਵਿਆਦੀਪ ਸਿੰਘ, ਨਵਕਿਰਨ ਸਿੰਘ, ਭਾਈ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਵਿਨੀਪੈਗ, ਹਰਜਾਪ ਸਿੰਘ, ਗੁਰਸੇਵਕ ਸਿੰਘ, ਹਰਮਨ ਸਿੰਘ,ਭਾਈ ਜੋਬਨਦੀਪ ਸਿੰਘ,ਬੀਬੀ ਪਰਵਿੰਦਰ ਕੌਰ, ਰੁਪਿੰਦਰ ਸਿੰਘ ਰੂਪੀ, ਸੋਨੀ ਝਾਵਰ (ਗੁੱਡ ਡੀਲ ਮੋਟਰ ) ਦਲਜੀਤ ਸਿੰਘ ਸਮੇਤ ਪ੍ਰਬੰਧਕਾਂ ‘ਚ ਬੀਬੀਆਂ ਵੀ ਸ਼ਾਮਿਲ ਸਨ | ਇਸ ਮੀਡੀਆ ਦੇ ਨੁਮਾਇੰਦਿਆਂ ਜੋਗਿੰਦਰ ਸਿੰਘ,ਜਗਦੀਸ਼ ਸਿੰਘ ਖ਼ਾਲਸਾ,ਮਲਕੀਤ ਸਿੰਘ ਅਦਾਰਾ ‘ਅਜੀਤ’, ਰਵੀ ਕੁਮਾਰ ਚੜ੍ਹਦੀ ਕਲਾ, ਨਿਰੰਜਨ ਸਿੰਘ ਲੇਹਲ ਨੂੰ ਵੀ ਸਨਮਾਨਿਤ ਕੀਤਾ ਗਿਆ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments