HomePunjab Newsਪੰਜਾਬ ’ਚ ਖੰਡ ਦੀ ਕਮੀ ਨਹੀਂ, ਜ਼ਖ਼ੀਰੇਬਾਜ਼ਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਭਗਵੰਤ...

ਪੰਜਾਬ ’ਚ ਖੰਡ ਦੀ ਕਮੀ ਨਹੀਂ, ਜ਼ਖ਼ੀਰੇਬਾਜ਼ਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਭਗਵੰਤ ਮਾਨ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਖੰਡ ਦੇ ਸਟਾਕ, ਵਿਕਰੀ ਅਤੇ ਸਪਲਾਈ ’ਤੇ ਲਗਾਤਾਰ ਨਿਗਰਾਨੀ ਦੇ ਦਿੱਤੇ ਨਿਰਦੇਸ਼

ਪੰਜਾਬ ਸਮੇਤ ਦੇਸ਼ ਭਰ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਖੰਡ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਖੰਡ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਖੰਡ ਦੇ ਭੰਡਾਰ, ਵਿਕਰੀ ਅਤੇ ਸਪਲਾਈ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਖੰਡ ਦੀ ਢੁਕਵੀਂ ਉਪਲਬਧਤਾ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਵਪਾਰੀ ਬਣਾਉਟੀ ਘਾਟ ਪੈਦਾ ਕਰਨ, ਖੰਡ ਦੀ ਜ਼ਖ਼ੀਰੇਬਾਜ਼ੀ ਕਰਨ ਜਾਂ ਸਪਲਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਇਸ ਸਮੇਂ ਖੰਡ ਦਾ ਲੋੜੀਂਦਾ ਸਟਾਕ ਮੌਜੂਦ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੂਬੇ ਵਿੱਚ ਲੋੜ ਅਨੁਸਾਰ ਖੰਡ ਦਾ ਸਟਾਕ ਬਣਿਆ ਰਹੇ ਅਤੇ ਆਮ ਲੋਕਾਂ ਨੂੰ ਇਸ ਦੀ ਖਰੀਦ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਕਿਹਾ ਕਿ ਖੰਡ ਹਰ ਘਰ ਦੀ ਰੋਜ਼ਾਨਾ ਜ਼ਰੂਰਤ ਨਾਲ ਜੁੜੀ ਇੱਕ ਜ਼ਰੂਰੀ ਵਸਤੂ ਹੈ। ਇਸ ਲਈ ਇਸ ਦੀ ਉਪਲਬਧਤਾ ਅਤੇ ਕੀਮਤਾਂ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਖੰਡ ਦੀ ਮੰਗ, ਸਪਲਾਈ, ਸਟਾਕ ਅਤੇ ਬਾਜ਼ਾਰ ਵਿੱਚ ਇਸ ਦੀ ਵਿਕਰੀ ਦੀ ਸਥਿਤੀ ’ਤੇ ਨਿਰੰਤਰ ਨਿਗਰਾਨੀ ਰੱਖਣ ਲਈ ਕਿਹਾ।

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਤੱਤ ਖੰਡ ਦੀ ਨਕਲੀ ਕਮੀ ਪੈਦਾ ਕਰਕੇ ਕੀਮਤਾਂ ਵਧਾਉਣ ਜਾਂ ਲੋਕਾਂ ਵਿੱਚ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਖ਼ੀਰੇਬਾਜ਼ੀ ਅਤੇ ਕਾਲਾਬਾਜ਼ਾਰੀ ਵਰਗੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੰਡ ਦੀ ਉਪਲਬਧਤਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਗਲਤ ਜਾਣਕਾਰੀ ’ਤੇ ਭਰੋਸਾ ਨਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਖੰਡ ਦੀ ਸਪਲਾਈ ਅਤੇ ਸਟਾਕ ਦੀ ਸਥਿਤੀ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਕਰਨ ਦੀ ਲੋੜ ਨਹੀਂ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਪੈਦਾ ਹੋ ਰਹੀ ਕਿਸੇ ਵੀ ਸੰਭਾਵਿਤ ਗਲਤਫਹਿਮੀ ਜਾਂ ਘਬਰਾਹਟ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਅਤੇ ਖੰਡ ਦੀ ਅਸਲ ਉਪਲਬਧਤਾ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments