HomePunjab Newsਭਾਜਪਾ ਨਾਲ ਗੱਠਜੋੜ ਲਈ ਅਕਾਲੀ ਦਲ ਕਰ ਰਿਹੈ ਮਿੰਨਤਾਂ: CM ਭਗਵੰਤ ਮਾਨ

ਭਾਜਪਾ ਨਾਲ ਗੱਠਜੋੜ ਲਈ ਅਕਾਲੀ ਦਲ ਕਰ ਰਿਹੈ ਮਿੰਨਤਾਂ: CM ਭਗਵੰਤ ਮਾਨ

ਮਜੀਠਾ ਵਿੱਚ ਮਜੀਠੀਆ ਪਰਿਵਾਰ ’ਤੇ ਤਿੱਖੇ ਨਿਸ਼ਾਨੇ; ਕਾਂਗਰਸ ਨੂੰ ਦੱਸਿਆ ‘ਆਖ਼ਰੀ ਸਾਹਾਂ’ ’ਤੇ, 2027 ਵਿੱਚ ਮੁੜ ‘ਆਪ’ ਸਰਕਾਰ ਬਣਨ ਦਾ ਕੀਤਾ ਦਾਅਵਾ

ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਮਜੀਠਾ ਹਲਕੇ ਦੇ ਕਸਬਾ ਚਵਿੰਡਾ ਦੇਵੀ ਵਿੱਚ ਕਰਵਾਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਇਸ ਮੌਕੇ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮਜੀਠਾ ਹਲਕੇ ਵਿੱਚ ਮਜੀਠੀਆ ਦਾ ਕਥਿਤ ‘ਗੁੰਡਾ ਰਾਜ’ ਹੁਣ ਖ਼ਤਮ ਹੋ ਚੁੱਕਾ ਹੈ।

ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਮਜੀਠੀਆ ਪਰਿਵਾਰ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਮਜੀਠੀਆ ਪਰਿਵਾਰ ਦੇਸ਼ ਨਾਲ ਗੱਦਾਰੀ ਕਰਨ ਵਾਲਾ ਪਰਿਵਾਰ ਹੈ। ਮਾਨ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਗੋਲੀਕਾਂਡ ਵਾਲੀ ਰਾਤ ਜਨਰਲ ਡਾਇਰ ਨੂੰ ਉਨ੍ਹਾਂ ਦੇ ਘਰ ਖਾਣਾ ਖਵਾਇਆ ਗਿਆ ਸੀ। ਹਾਲਾਂਕਿ ਇਹ ਦੋਸ਼ ਸਿਆਸੀ ਬਿਆਨਬਾਜ਼ੀ ਦਾ ਹਿੱਸਾ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਮਜੀਠੀਆ ਪਰਿਵਾਰ ਨੂੰ ਨਿਸ਼ਾਨਾ ਬਣਾਇਆ।

ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਅਕਾਲੀ ਦਲ ’ਤੇ ਤੰਜ

ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਆਪਣੀ ਸਿਆਸੀ ਹੋਂਦ ਬਚਾਉਣ ਲਈ ਭਾਜਪਾ ਨਾਲ ਮੁੜ ਗੱਠਜੋੜ ਕਰਨ ਲਈ ਮਿੰਨਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਿਆਸੀ ਬੇੜਾ ਡੁੱਬ ਚੁੱਕਾ ਹੈ ਅਤੇ ਹੁਣ ਪਾਰਟੀ ਭਾਜਪਾ ਦੀ ਬੇੜੀ ਵਿੱਚ ਸਵਾਰ ਹੋ ਕੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮਾਨ ਨੇ ਅਕਾਲੀ ਸਰਕਾਰ ਦੇ ਕਾਰਜਕਾਲ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਉਸ ਸਮੇਂ ਪੰਜਾਬ ਵਿੱਚ ਸ਼ਰੇਆਮ ਨਸ਼ਾ ਵਿਕਦਾ ਸੀ। ਉਨ੍ਹਾਂ ਅਕਾਲੀ ਆਗੂਆਂ ਨੂੰ ਪੰਜਾਬ ਦੀ ਜਵਾਨੀ ਦੇ ਨੁਕਸਾਨ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਦੀ ਸਿਆਸਤ ਨੂੰ ਸਮਝ ਚੁੱਕੇ ਹਨ।

ਕਾਂਗਰਸ ਨੂੰ ਵੀ ਬਣਾਇਆ ਨਿਸ਼ਾਨਾ

ਮੁੱਖ ਮੰਤਰੀ ਨੇ ਕਾਂਗਰਸ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਾਂਗਰਸ ਦੀ ਮੌਜੂਦਾ ਸਿਆਸੀ ਸਥਿਤੀ ਦੀ ਤੁਲਨਾ ਹਸਪਤਾਲ ਵਿੱਚ ਦਾਖ਼ਲ 90 ਸਾਲਾ ਬਜ਼ੁਰਗ ਨਾਲ ਕੀਤੀ, ਜਿਸ ਬਾਰੇ ਡਾਕਟਰ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦੇ ਦਿੰਦੇ ਹਨ। ਮਾਨ ਨੇ ਕਿਹਾ ਕਿ ਕਾਂਗਰਸ ਹੁਣ ਆਖ਼ਰੀ ਸਾਹਾਂ ’ਤੇ ਹੈ ਅਤੇ ਪਾਰਟੀ ਦੇ ਅੰਦਰ ਚੱਲ ਰਹੀ ਕੁਰਸੀ ਦੀ ਲੜਾਈ ਹੀ ਇਸ ਦੇ ਪਤਨ ਦਾ ਮੁੱਖ ਕਾਰਨ ਬਣੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਤੋਂ ਨਿਜਾਤ ਮਿਲ ਚੁੱਕੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।

ਮਜੀਠਾ ਦੇ ਵਿਕਾਸ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਰਹੇਗੀ

ਲੋਕ ਮਿਲਣੀ ਦੌਰਾਨ ਭਗਵੰਤ ਮਾਨ ਨੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਨਾਲ ਸਬੰਧਤ ਕੰਮਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments