HomePunjab Newsਜਸਵੀਰ ਸਿੰਘ ਗੜ੍ਹੀ ਨੇ ਛੱਡੀ ਐੱਸਸੀ ਕਮਿਸ਼ਨ ਦੀ ਚੇਅਰਮੈਨੀ, ਹਲਕਾ ਇੰਚਾਰਜ ਬਣਨ...

ਜਸਵੀਰ ਸਿੰਘ ਗੜ੍ਹੀ ਨੇ ਛੱਡੀ ਐੱਸਸੀ ਕਮਿਸ਼ਨ ਦੀ ਚੇਅਰਮੈਨੀ, ਹਲਕਾ ਇੰਚਾਰਜ ਬਣਨ ਮਗਰੋਂ ਸਿਆਸੀ ਚਰਚਾ ਤੇਜ਼

26 ਅਗਸਤ ਨੂੰ ਅਸਤੀਫ਼ਾ ਦੇਣ ਦਾ ਗੜ੍ਹੀ ਦਾ ਦਾਅਵਾ; 27 ਅਗਸਤ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਬਣਾਏ ਜਾਣ ’ਤੇ ਵਿਰੋਧੀ ਧਿਰਾਂ ਨੇ ਚੁੱਕੇ ਸਨ ਸਵਾਲ

ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਅਸਤੀਫ਼ਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਆਮ ਆਦਮੀ ਪਾਰਟੀ ਵੱਲੋਂ 27 ਅਗਸਤ ਨੂੰ ਉਨ੍ਹਾਂ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।

ਜਸਵੀਰ ਸਿੰਘ ਗੜ੍ਹੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਸਨ। ਵਿਰੋਧੀ ਆਗੂਆਂ ਦਾ ਕਹਿਣਾ ਸੀ ਕਿ ਗੜ੍ਹੀ ਇੱਕ ਪਾਸੇ ਸੰਵਿਧਾਨਕ ਅਹੁਦੇ ’ਤੇ ਤਾਇਨਾਤ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਸਿਆਸੀ ਅਹੁਦਾ ਸੌਂਪ ਦਿੱਤਾ ਗਿਆ ਹੈ। ਇਸ ਕਾਰਨ ਉਨ੍ਹਾਂ ਦੀ ਨਵੀਂ ਨਿਯੁਕਤੀ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ।

ਹਲਕਾ ਇੰਚਾਰਜ ਬਣਾਏ ਗਏ ਜਸਵੀਰ ਸਿੰਘ ਗੜ੍ਹੀ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ 26 ਅਗਸਤ ਨੂੰ ਹੀ ਦੇ ਦਿੱਤਾ ਸੀ। ਉਨ੍ਹਾਂ ਮੁਤਾਬਕ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਚਮਕੌਰ ਸਾਹਿਬ ਦੀ ਨਵੀਂ ਸਿਆਸੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਗੜ੍ਹੀ ਨੇ ਕਿਹਾ ਕਿ ਹੁਣ ਉਹ ਹਲਕਾ ਚਮਕੌਰ ਸਾਹਿਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਮੁਤਾਬਕ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨਾ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।

ਮਾਰਚ 2025 ਵਿੱਚ ਮਿਲੀ ਸੀ ਐੱਸਸੀ ਕਮਿਸ਼ਨ ਦੀ ਚੇਅਰਮੈਨੀ

ਜਸਵੀਰ ਸਿੰਘ ਗੜ੍ਹੀ ਨੂੰ 7 ਮਾਰਚ 2025 ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ। ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਲਗਾਤਾਰ ਸਿਆਸੀ ਚਰਚਾ ਅਤੇ ਵਿਵਾਦਾਂ ਵਿੱਚ ਰਹੇ।

ਹੁਣ ਉਨ੍ਹਾਂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਬਣਾਏ ਜਾਣ ਮਗਰੋਂ ਇਸ ਹਲਕੇ ਦੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਸਿਆਸੀ ਹਲਕਿਆਂ ਵਿੱਚ ਇਸ ਨਿਯੁਕਤੀ ਨੂੰ ਆਉਣ ਵਾਲੇ ਸਮੇਂ ਦੇ ਸਿਆਸੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਕਰੀਬ ਛੇ ਸਾਲ ਬਸਪਾ ਦੇ ਪ੍ਰਧਾਨ ਰਹੇ ਗੜ੍ਹੀ

ਜਸਵੀਰ ਸਿੰਘ ਗੜ੍ਹੀ ਲਗਭਗ ਛੇ ਸਾਲ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਹਿ ਚੁੱਕੇ ਹਨ। ਉਹ ਨਵੰਬਰ 2024 ਵਿੱਚ ਬਸਪਾ ਤੋਂ ਵੱਖ ਹੋ ਗਏ ਸਨ ਅਤੇ ਇਸ ਤੋਂ ਬਾਅਦ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਕਾਰਵਾਈਆਂ ਅਤੇ ਲਏ ਗਏ ਫ਼ੈਸਲੇ ਕਈ ਵਾਰ ਸਿਆਸੀ ਧਿਰਾਂ ਦੀ ਆਲੋਚਨਾ ਦਾ ਕਾਰਨ ਬਣੇ।

ਕਈ ਸਿਆਸੀ ਆਗੂਆਂ ਨੂੰ ਕੀਤਾ ਸੀ ਤਲਬ

ਚੇਅਰਮੈਨ ਵਜੋਂ ਜਸਵੀਰ ਸਿੰਘ ਗੜ੍ਹੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਕਮਿਸ਼ਨ ਸਾਹਮਣੇ ਤਲਬ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਤਲਬ ਕੀਤਾ ਸੀ। ਇਸ ਕਾਰਵਾਈ ਨੂੰ ਲੈ ਕੇ ਵੀ ਸਿਆਸੀ ਪੱਧਰ ’ਤੇ ਕਾਫ਼ੀ ਚਰਚਾ ਹੋਈ ਸੀ।

ਇਸੇ ਤਰ੍ਹਾਂ ਨਗਰ ਕੌਂਸਲ ਚੋਣਾਂ ਦੌਰਾਨ ਕੀਤੀ ਗਈ ਇੱਕ ਟਿੱਪਣੀ ਦੇ ਮਾਮਲੇ ਵਿੱਚ ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ।

ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਕਥਿਤ ਤੌਰ ’ਤੇ ਜਾਤੀਸੂਚਕ ਸ਼ਬਦ ਵਰਤਣ ਦੇ ਮਾਮਲੇ ਵਿੱਚ ਵੀ ਗੜ੍ਹੀ ਦੀ ਅਗਵਾਈ ਵਾਲਾ ਐੱਸਸੀ ਕਮਿਸ਼ਨ ਸਰਗਰਮ ਹੋਇਆ ਸੀ ਅਤੇ ਰਾਜਾ ਵੜਿੰਗ ਮਾਮਲੇ ਵਿੱਚ ਕਮਿਸ਼ਨ ਦੇ ਨਿਸ਼ਾਨੇ ’ਤੇ ਆਏ ਸਨ।

ਬਰਨਾਲਾ ਵਿੱਚ ਸਫ਼ਾਈ ਸੇਵਕਾਂ ਦੇ ਮਾਮਲੇ ’ਚ ਵੀ ਘਿਰੇ

ਜਸਵੀਰ ਸਿੰਘ ਗੜ੍ਹੀ ਦੇ ਕਾਰਜਕਾਲ ਦੌਰਾਨ ਬਰਨਾਲਾ ਵਿੱਚ ਸਫ਼ਾਈ ਸੇਵਕਾਂ ’ਤੇ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦਾ ਮਾਮਲਾ ਵੀ ਚਰਚਾ ਵਿੱਚ ਰਿਹਾ। ਉਸ ਸਮੇਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਜਬਰ ਦੇ ਮਾਮਲੇ ਵਿੱਚ ਚੇਅਰਮੈਨ ਗੜ੍ਹੀ ਦੀ ਚੁੱਪ ’ਤੇ ਸਵਾਲ ਉਠਾਏ ਸਨ।

ਇਸ ਤੋਂ ਬਾਅਦ ਗੜ੍ਹੀ ਨੂੰ ਬਰਨਾਲਾ ਦਾ ਦੌਰਾ ਕਰਨਾ ਪਿਆ ਸੀ। ਉਨ੍ਹਾਂ ਨੇ ਬਰਨਾਲਾ ਹਸਪਤਾਲ ਪਹੁੰਚ ਕੇ ਪੁਲੀਸ ਕਾਰਵਾਈ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਸੇਵਕਾਂ ਦਾ ਹਾਲ-ਚਾਲ ਪੁੱਛਿਆ ਸੀ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਕੁਝ ਫ਼ੈਸਲਿਆਂ ’ਤੇ ਹਾਈ ਕੋਰਟ ਨੂੰ ਵੀ ਕਰਨਾ ਪਿਆ ਦਖ਼ਲ

ਜਸਵੀਰ ਸਿੰਘ ਗੜ੍ਹੀ ਵੱਲੋਂ ਚੇਅਰਮੈਨ ਵਜੋਂ ਲਏ ਗਏ ਕੁਝ ਫ਼ੈਸਲਿਆਂ ਦੇ ਮਾਮਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਦਖ਼ਲ ਦੇਣਾ ਪਿਆ ਸੀ। ਇਸ ਕਾਰਨ ਉਨ੍ਹਾਂ ਦਾ ਕਾਰਜਕਾਲ ਲਗਾਤਾਰ ਸਿਆਸੀ ਅਤੇ ਕਾਨੂੰਨੀ ਚਰਚਾ ਵਿੱਚ ਰਿਹਾ।

ਹੁਣ ਐੱਸਸੀ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਕੇ ਹਲਕਾ ਚਮਕੌਰ ਸਾਹਿਬ ਦੀ ਸਿਆਸੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਜਸਵੀਰ ਸਿੰਘ ਗੜ੍ਹੀ ਦੀ ਭੂਮਿਕਾ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਖ਼ਾਸ ਤੌਰ ’ਤੇ ਚਮਕੌਰ ਸਾਹਿਬ ਵਿੱਚ ਉਨ੍ਹਾਂ ਦੀ ਨਿਯੁਕਤੀ ਨੂੰ ਆਉਣ ਵਾਲੇ ਸਿਆਸੀ ਸਮੀਕਰਨਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments