ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮੰਡੀ ਗੋਬਿੰਦਗੜ੍ਹ ਪਹੁੰਚਣ ’ਤੇ ਭਰਵਾਂ ਸਵਾਗਤ; ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੀ ਐਡਵੋਕੇਟ ਧਾਮੀ ਵੱਲੋਂ ਅਪੀਲ
ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਰਵਾਨਾ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਮੰਡੀ ਗੋਬਿੰਦਗੜ੍ਹ ਪਹੁੰਚਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਪਾਰਟੀ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ।
ਖ਼ਾਲਸਾ ਮਾਰਚ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਆਪਣੇ ਮਹਾਨ ਵਿਰਸੇ ਨਾਲ ਜੁੜਨ ਅਤੇ ਸਿੱਖੀ ਸਰੂਪ ਧਾਰਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨ ਇਸ ਸਮੱਸਿਆ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਘਰ-ਘਰ ਤੱਕ ਪਹੁੰਚ ਰਿਹਾ ਹੈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਦੀ ਭੇਟ ਚੜ੍ਹ ਰਹੀ ਹੈ।
ਉਨ੍ਹਾਂ ਮਾਪਿਆਂ ਅਤੇ ਸੰਗਤਾਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਨੂੰ ਇਸ ਗੰਭੀਰ ਸਮੱਸਿਆ ਤੋਂ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਹਰ ਪਰਿਵਾਰ ਨੂੰ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ, ਸਿੱਖ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਉਣ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਧਰਮ ਅਤੇ ਵਿਰਸੇ ਨਾਲ ਜੁੜੀ ਰਹੇ।
ਖ਼ਾਲਸਾ ਮਾਰਚ ਦੌਰਾਨ ਸੰਗਤਾਂ ਵੱਲੋਂ ਗੁਰੂ ਸਾਹਿਬਾਨ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਵੀ ਕੀਤੇ ਗਏ। ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਾਰਚ ਵਿੱਚ ਸ਼ਮੂਲੀਅਤ ਕੀਤੀ।
ਮਾਰਚ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਾਜਵਿੰਦਰ ਸਿੰਘ ਰਾਜੂ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ, ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿਤ ਸਿੰਘ ਰਾਠੀ, ਕੈਪਟਨ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ, ਬੀਬੀ ਕਿਰਨਦੀਪ ਕੌਰ ਖੰਨਾ, ਜੋਗਿੰਦਰ ਸਿੰਘ ਮੈਣੀ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮੁੱਢੜੀਆ, ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਕੰਵਲਜੀਤ ਸਿੰਘ ਗਿੱਲ ਅਤੇ ਕਾਲਾ ਅਰੋੜਾ ਸਮੇਤ ਕਈ ਆਗੂ ਅਤੇ ਸੰਗਤਾਂ ਹਾਜ਼ਰ ਸਨ।




