Google search engine
Home Indian ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਘਵ ਚੱਢਾ ਦੀ ਵੋਟ ਕੱਟੀ, ‘ਸਿਆਸੀ...

ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਘਵ ਚੱਢਾ ਦੀ ਵੋਟ ਕੱਟੀ, ‘ਸਿਆਸੀ ਬਦਲਾਖੋਰੀ’ ਦੇ ਦੋਸ਼; ‘ਆਪ’ ਨੇ ਸਰਕਾਰ ਦਾ ਕੋਈ ਲੈਣਾ-ਦੇਣਾ ਨਾ ਹੋਣ ਦੀ ਗੱਲ ਆਖੀ

ਵਿਸ਼ੇਸ਼ ਸੁਧਾਈ ਦੌਰਾਨ ਮੁਹਾਲੀ ਦੇ ਰਿਹਾਇਸ਼ੀ ਪਤੇ ਤੋਂ ਤਬਦੀਲੀ ਦੀ ਪੁਸ਼ਟੀ ਮਗਰੋਂ ਵੋਟ ਹੋਈ ਰੱਦ; ਪੰਜਾਬ ’ਚ ਕੁੱਲ 20.66 ਲੱਖ ਵੋਟਰਾਂ ਦੇ ਨਾਮ ਖਰੜਾ ਸੂਚੀ ’ਚੋਂ ਹਟਾਏ ਗਏ

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਬਾਹਰ ਹੋ ਗਏ ਹਨ। ਵਿਸ਼ੇਸ਼ ਸੁਧਾਈ ਦੌਰਾਨ ਉਨ੍ਹਾਂ ਦੇ ਪੰਜਾਬ ਵਿਚਲੇ ਰਿਹਾਇਸ਼ੀ ਪਤੇ ਤੋਂ ਤਬਦੀਲ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਨ੍ਹਾਂ ਦੀ ਵੋਟ ਪੰਜਾਬ ਦੀ ਵੋਟਰ ਸੂਚੀ ’ਚੋਂ ਕੱਟ ਦਿੱਤੀ ਗਈ ਹੈ।

ਕੁੱਝ ਸਮਾਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਰਾਘਵ ਚੱਢਾ ਨੇ ਆਪਣੀ ਵੋਟ ਕੱਟੇ ਜਾਣ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਵਿੱਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਨਾਲ ਸੂਬਾ ਸਰਕਾਰ ਦਾ ਕੋਈ ਸਬੰਧ ਨਹੀਂ ਹੈ।

ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਪੰਜਾਬ ਦੀ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਪਤਾ ਲੱਗਾ। ਇਸ ਵਿਸ਼ੇਸ਼ ਸੁਧਾਈ ਦੌਰਾਨ ਪੰਜਾਬ ਵਿੱਚ ਕੁੱਲ 20.66 ਲੱਖ ਵੋਟਰਾਂ ਦੇ ਨਾਮ ਵੋਟਰ ਸੂਚੀ ’ਚੋਂ ਕੱਟੇ ਗਏ ਹਨ, ਜੋ ਕਿ ਕੁੱਲ ਵੋਟਰਾਂ ਦਾ ਲਗਭਗ 9.7 ਫ਼ੀਸਦੀ ਬਣਦੇ ਹਨ।

ਮੁਹਾਲੀ ਵਿੱਚ ਬਣੀ ਹੋਈ ਸੀ ਰਾਘਵ ਚੱਢਾ ਦੀ ਵੋਟ

ਵੇਰਵਿਆਂ ਅਨੁਸਾਰ, ਰਾਘਵ ਚੱਢਾ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਸਿਰਫ਼ ਇੱਕ ਵਾਰ ਪੰਜਾਬ ਵਿੱਚ ਨਜ਼ਰ ਆਏ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ।

ਮੁਹਾਲੀ ਨਗਰ ਨਿਗਮ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦੀ ਵੋਟ ਵਾਰਡ ਨੰਬਰ 44 ਵਿੱਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਤੇ ਦਰਜ ਸੀ। ਮੁਹਾਲੀ ਦੇ ਵਾਰਡ ਨੰਬਰ 44 ਵਿੱਚ ਪੈਂਦੇ ਰੀਜੈਂਸੀ ਹਾਈਟਸ ਵਿੱਚ ਰਾਘਵ ਚੱਢਾ ਦੀ ਰਿਹਾਇਸ਼ ਹੈ। ਹੁਣ ਕਿਹਾ ਗਿਆ ਹੈ ਕਿ ਉਹ ਇਸ ਰਿਹਾਇਸ਼ ਤੋਂ ਪੱਕੇ ਤੌਰ ’ਤੇ ਤਬਦੀਲ ਹੋ ਚੁੱਕੇ ਹਨ, ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਵੋਟ ਪੰਜਾਬ ਦੀ ਸੂਚੀ ’ਚੋਂ ਹਟਾਈ ਗਈ ਹੈ।

2022 ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਸਮੇਂ ਵੀ ਉੱਠਿਆ ਸੀ ਸਵਾਲ

ਆਮ ਆਦਮੀ ਪਾਰਟੀ ਵੱਲੋਂ ਜਦੋਂ ਰਾਘਵ ਚੱਢਾ ਨੂੰ ਰਾਜ ਸਭਾ ਲਈ 21 ਮਾਰਚ 2022 ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਇਸ ਗੱਲ ਨੂੰ ਲੈ ਕੇ ਸਿਆਸੀ ਚਰਚਾ ਛਿੜੀ ਸੀ ਕਿ ਪੰਜਾਬ ਤੋਂ ਬਾਹਰ ਦੇ ਵਸਨੀਕ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਜਾ ਰਹੀ ਹੈ।

ਰਾਘਵ ਚੱਢਾ ਅਪਰੈਲ 2022 ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਉਸ ਸਮੇਂ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਕ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ਵਿੱਚ ਉਨ੍ਹਾਂ ਦੀ ਵੋਟ ਸੀ। ਇਹ ਵੋਟ ਸੀਰੀਅਲ ਨੰਬਰ 313 ਅਤੇ ਪਾਰਟ ਨੰਬਰ 52 ਤਹਿਤ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਰਜਿੰਦਰ ਨਗਰ, ਦਿੱਲੀ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਸੀ। ਸੂਤਰਾਂ ਅਨੁਸਾਰ, ਦਿੱਲੀ ਤੋਂ ਆਪਣੀ ਵੋਟ ਕਟਵਾਉਣ ਮਗਰੋਂ ਰਾਘਵ ਚੱਢਾ ਨੇ ਪੰਜਾਬ ਵਿੱਚ ਨਵੀਂ ਵੋਟ ਬਣਵਾਈ ਸੀ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੁਹਾਲੀ ’ਚ ਪਾਈ ਸੀ ਵੋਟ

ਲੋਕ ਸਭਾ ਚੋਣਾਂ 2024 ਦੌਰਾਨ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ। ਹੁਣ ਪੰਜਾਬ ਦੀ ਖਰੜਾ ਵੋਟਰ ਸੂਚੀ ਵਿੱਚੋਂ ਉਨ੍ਹਾਂ ਦਾ ਨਾਮ ਹਟਾਏ ਜਾਣ ਮਗਰੋਂ ਇਹ ਸਵਾਲ ਵੀ ਚਰਚਾ ਵਿੱਚ ਹੈ ਕਿ ਕੀ ਰਾਘਵ ਚੱਢਾ ਇਸ ਸਮੇਂ ਦੇਸ਼ ਵਿੱਚ ਕਿਸੇ ਹੋਰ ਥਾਂ ਵੋਟਰ ਵਜੋਂ ਦਰਜ ਹਨ ਜਾਂ ਨਹੀਂ।

 

Exit mobile version