12.3 ਮਿਲੀਅਨ ਡਾਲਰ ਤੋਂ ਵੱਧ ਦੇ ਵਿਕਾਸ ਪ੍ਰਾਜੈਕਟ ਦਾ ਪਹਿਲਾ ਪੜਾਅ ਪੂਰਾ; ਨਵੀਂ ਪਾਰਕਿੰਗ ਤੇ ਚੌਰਾਹੇ ਦਾ ਕੰਮ ਨਵੰਬਰ ਤੱਕ ਹੋਣ ਦੀ ਉਮੀਦ
ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਦੇ ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਦੋ ਨਵੇਂ ਸਿੰਥੈਟਿਕ ਟਰਫ਼ ਖੇਡ ਮੈਦਾਨਾਂ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ। ਸਿਟੀ ਕੌਂਸਲ ਨੇ ਇਨ੍ਹਾਂ ਮੈਦਾਨਾਂ ਦੇ ਮੁਕੰਮਲ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਾਰਕ ਦੇ ਵਿਕਾਸ ਲਈ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ।
ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਚੱਲ ਰਹੇ 12.3 ਮਿਲੀਅਨ ਡਾਲਰ ਤੋਂ ਵੱਧ ਦੇ ਸੁਧਾਰ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ ਇਹ ਦੋ ਟਰਫ਼ ਮੈਦਾਨ ਤਿਆਰ ਕੀਤੇ ਗਏ ਹਨ। ਇਸ ਪ੍ਰਾਜੈਕਟ ਵਿੱਚ ਖੇਡ ਮੈਦਾਨਾਂ ਤੱਕ ਪਹੁੰਚ ਲਈ ਨਵੀਂ ਸੜਕ ਅਤੇ ਨਵੀਂ ਪਾਰਕਿੰਗ ਲਾਟ ਦਾ ਨਿਰਮਾਣ ਵੀ ਸ਼ਾਮਲ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਨਵੇਂ ਟਰਫ਼ ਮੈਦਾਨ ਬੱਚਿਆਂ, ਸਥਾਨਕ ਖੇਡ ਟੀਮਾਂ ਅਤੇ ਪਰਿਵਾਰਾਂ ਲਈ ਸਾਲ ਭਰ ਖੇਡ ਗਤੀਵਿਧੀਆਂ ਦਾ ਆਨੰਦ ਮਾਣਨ ਲਈ ਵਧੇਰੇ ਮੌਕੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਉੱਚ ਮਿਆਰ ਦੀਆਂ ਖੇਡ ਅਤੇ ਮਨੋਰੰਜਨ ਸਹੂਲਤਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀ ਦੀਆਂ ਖੇਡਾਂ ਨਾਲ ਸਬੰਧਤ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰੇਗਾ।
ਉਨ੍ਹਾਂ ਅਨੁਸਾਰ, ਭਾਰੀ ਮੀਂਹ ਤੋਂ ਬਾਅਦ ਕੁਦਰਤੀ ਘਾਹ ਵਾਲੇ ਮੈਦਾਨ ਅਕਸਰ ਵਰਤੋਂ ਲਈ ਬੰਦ ਕਰਨੇ ਪੈਂਦੇ ਹਨ, ਜਿਸ ਕਾਰਨ ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੇਂ ਸਿੰਥੈਟਿਕ ਟਰਫ਼ ਮੈਦਾਨਾਂ ਨਾਲ ਮੌਸਮ ਕਾਰਨ ਹੋਣ ਵਾਲੀਆਂ ਰੁਕਾਵਟਾਂ ਘਟਣ ਦੀ ਉਮੀਦ ਹੈ।
ਨਵੇਂ ਮੈਦਾਨਾਂ ਦੇ ਡਿਜ਼ਾਈਨ ਅਤੇ ਉਸਾਰੀ ਦਾ ਕੰਮ ਪਿਛਲੀ ਪਤਝੜ ਵਿੱਚ ਸ਼ੁਰੂ ਹੋਇਆ ਸੀ। ਕਲੋਵਰਡੇਲ ਐਥਲੈਟਿਕ ਪਾਰਕ ਲਗਭਗ 50 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ ਅਤੇ ਸਰੀ ਦੇ ਪ੍ਰਮੁੱਖ ਖੇਡ ਕੇਂਦਰਾਂ ਵਿੱਚੋਂ ਇੱਕ ਹੈ। ਇੱਥੇ ਬੇਸਬਾਲ ਅਤੇ ਸਾਫਟਬਾਲ ਮੈਦਾਨ, ਬਾਸਕਟਬਾਲ ਕੋਰਟ, ਬਹੁ-ਮੰਤਵੀ ਖੇਡ ਬਾਕਸ, ਖੇਡ ਮੈਦਾਨ, ਬਾਈਕ ਪਾਰਕ, ਵਾਟਰ ਪਲੇਗ੍ਰਾਊਂਡ, ਟੈਨਿਸ ਕੋਰਟ ਅਤੇ ਘਾਹ ਤੇ ਸਿੰਥੈਟਿਕ ਟਰਫ਼ ਵਾਲੇ ਕਈ ਮੈਦਾਨ ਮੌਜੂਦ ਹਨ। ਇਸ ਤੋਂ ਇਲਾਵਾ ਚੇਂਜ ਰੂਮ ਅਤੇ ਵਾਸ਼ਰੂਮਾਂ ਦੀ ਸਹੂਲਤ ਵਾਲਾ ਫ਼ੀਲਡ ਹਾਊਸ ਵੀ ਇੱਥੇ ਸਥਿਤ ਹੈ।
ਪ੍ਰਾਜੈਕਟ ਦੇ ਅਗਲੇ ਪੜਾਅ ਤਹਿਤ 110 ਵਾਹਨਾਂ ਦੀ ਸਮਰੱਥਾ ਵਾਲੀ ਨਵੀਂ ਪਾਰਕਿੰਗ ਲਾਟ ਅਤੇ ਪੂਰੀ ਤਰ੍ਹਾਂ ਸਿਗਨਲ-ਨਿਯੰਤਰਿਤ ਨਵੇਂ ਚੌਰਾਹੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕੰਮ ਨਵੰਬਰ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ।
ਇਨ੍ਹਾਂ ਸੁਧਾਰਾਂ ਦੇ ਪੂਰਾ ਹੋਣ ਤੋਂ ਬਾਅਦ ਪਾਰਕ ਵਿੱਚ ਬਣਾਈ ਜਾ ਰਹੀ ਸਰੀ ਯੂਨਾਈਟਿਡ ਸੌਕਰ ਕਲੱਬ ਦੀ ਨਵੀਂ ਇਨਡੋਰ ਪ੍ਰੈਕਟਿਸ ਸਹੂਲਤ ਤੱਕ ਵੀ ਬਿਹਤਰ ਪਹੁੰਚ ਮੁਹੱਈਆ ਹੋਵੇਗੀ। ਸਿਟੀ ਕੌਂਸਲ ਵੱਲੋਂ ਇਸ ਸਹੂਲਤ ਲਈ ਸਰੀ ਯੂਨਾਈਟਿਡ ਸੌਕਰ ਕਲੱਬ ਨਾਲ 30 ਸਾਲਾਂ ਦੀ ਲੀਜ਼ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ |ਸਿਟੀ ਅਨੁਸਾਰ, ਇਨ੍ਹਾਂ ਵਿਕਾਸ ਕਾਰਜਾਂ ਨਾਲ ਕਲੋਵਰਡੇਲ ਐਥਲੈਟਿਕ ਪਾਰਕ ਵਿੱਚ ਖੇਡਾਂ ਲਈ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਸਰੀ ਨੂੰ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਲਈ ਇੱਕ ਹੋਰ ਮਹੱਤਵਪੂਰਨ ਸਥਾਨ ਮਿਲੇਗਾ।




