ਵੱਖ ਵੱਖ ਬੁਲਾਰਿਆਂ ਨੇ ਡਾਇਰੈਕਟਰੀ ਨੂੰ ਮਹੱਤਵਪੂਰਨ ਬਣਾਉਣ ਤੇ ਦਿੱਤਾ ਜ਼ੋਰ
ਸਿਆਟਲ (ਵਾਸ਼ਿੰਗਟਨ) -* ਗੋਲਡਨ ਇੰਡੀਆ ਕਰੀ ਹਾਊਸ, ਵੈਲੀ ਐਵੀਨਿਊ ਸਿਆਟਲ ਵਿਖੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਭਰਵੀਂ ਹਾਜ਼ਰੀ ਵਿੱਚ ਹੋਏ ਸਿਲਵਰ ਜੁਬਲੀ ਸਮਾਗਮ ਨੇ ਇਤਿਹਾਸ ਦਾ ਨਵਾਂ ਪੰਨਾ ਸਿਰਜਿਆ। ਬਹੁਤ ਹੀ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਇਸ ਸਮਾਗਮ ਦੌਰਾਨ ਸਿਆਟਲ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਵੱਡੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਡਾਇਰੈਕਟਰੀ ਨੂੰ ਹੋਰ ਮਹੱਤਵਪੂਰਨ ਬਣਾਉਣ ਤੇ ਜ਼ੋਰ ਦਿੱਤਾ। ਮੁੱਖ ਬੁਲਾਰੇ *ਡਾ. ਪ੍ਰਿੰਸੀ ਰੇਖੀ, ਡਾ. ਸੁਰਿੰਦਰ ਸਿੰਘ ਰੇਖੀ, ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਗੀਤਕਾਰ ਮਨਜੀਤ ਸਿੰਘ ਚਾਹਲ, ਅਮਰੀਕ ਸਿੰਘ ਕੰਬੋਜ, ਹਰਜਿੰਦਰ ਸਿੰਘ ਸੰਧਾਵਾਲੀਆ, ਅਵਤਾਰ ਸਿੰਘ ਆਦਮਪੁਰੀ,ਜਗੀਰ ਸਿੰਘ ਜਗੀਰ, ਸਿਮਰਨ ਸਿੰਘ (ਸਾਡਾ ਟੀਵੀ)* ਨੇ ਆਪੋ-ਆਪਣੇ ਵਿਚਾਰ ਪੇਸ਼ ਕਰਕੇ ਡਾਇਰੈਕਟਰੀ ਦੇ ਨਿਰਮਾਤਾ *ਬਲਜੀਤ ਸਿੰਘ ਸੈਹਬੀ* ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 25 ਸਾਲ ਅਣਥੱਕ ਮਿਹਨਤ ਨਾਲ ਘਾਲਣਾ ਘਾਲ ਕੇ ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ ਰਾਹੀਂ ਸਿਆਟਲ ਭਾਈਚਾਰੇ ਦੀਆਂ ਆਪਸੀ ਸਮਾਜਿਕ ਤੰਦਾਂ ਨੂੰ ਮਜ਼ਬੂਤ ਕੀਤਾ, ਵਪਾਰਕ ਅਦਾਰਿਆਂ ਨੂੰ ਭਾਈਚਾਰੇ ਵਿੱਚ ਚਰਚਿਤ ਕੀਤਾ ਅਤੇ ਗੁਰੂ ਘਰਾਂ, ਖੇਡ ਮੈਦਾਨਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਆਣ-ਬਾਣ ਨੂੰ ਦੁਨੀਆਂ ਭਰ ਵਿੱਚ ਦਰਸਾਇਆ। ਬਲਜੀਤ ਸਿੰਘ ਸੈਂਹਬੀ ਦਾ ਇਹ ਉਦਮ ਪੂਰੇ ਭਾਈਚਾਰੇ ਲਈ ਇੱਕ ਮੀਲ ਪੱਥਰ ਹੈ।
ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਬੋਲਦਿਆਂ ਆਖਿਆ ਜਦੋਂ 25 ਸਾਲ ਪਹਿਲਾਂ ਕੋਈ ਪੰਜਾਬੀ ਸਿਆਟਲ ਦੀ ਧਰਤੀ ਤੇ ਨਵਾਂ ਆਉਂਦਾ ਸੀ ਤਾਂ ਉਸ ਲਈ ਸਭ ਤੋਂ ਵੱਡੀ ਚਿੰਤਾ ਹੁੰਦੀ ਸੀ – ਆਪਣਾ ਬੰਦਾ ਕਿੱਥੇ ਲੱਭਾਂ? ਗੁਰਦੁਆਰਾ ਕਿੱਥੇ ਹੈ? ਕੋਈ ਪੰਜਾਬੀ ਡਾਕਟਰ, ਵਕੀਲ ਜਾਂ ਦੁਕਾਨ ਕਿੱਥੇ ਹੈ? ਇਸ ਇਕੱਲੇਪਨ ਨੂੰ ਦੂਰ ਕਰਨ ਲਈ ਇੱਕ ਵਿਅਕਤੀ ਨੇ ਇੱਕ ਸੁਪਨਾ ਲਿਆ ਅਤੇ ਉਸ ਸੁਪਨੇ ਦਾ ਨਾਮ ਸੀ *”ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ”*। ਇਹ ਸਿਰਫ਼ ਇੱਕ ਕਿਤਾਬ ਨਹੀਂ, ਭਾਈਚਾਰੇ ਦੀ ਡੋਰ ਹੈ । ਇਹ ਡਾਇਰੈਕਟਰੀ ਸਿਰਫ਼ ਫ਼ੋਨ ਨੰਬਰਾਂ ਦੀ ਲਿਸਟ ਨਹੀਂ ਸੀ। ਇਹ ਪਰਦੇਸ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਦੂਜੇ ਨਾਲ ਜੁੜਨ ਦੀ ਡੋਰ ਹੈ।ਇਸ ਦੇ ਨਿਰਮਾਤਾ ਬਲਜੀਤ ਸਿੰਘ ਸੈਹਬੀ ਨੇ 25 ਸਾਲ ਜੋ ਅਣਥੱਕ ਮਿਹਨਤ ਕੀਤੀ ਹੈ, ਉਹ ਕਿਸੇ ਤਪੱਸਿਆ ਤੋਂ ਘੱਟ ਨਹੀਂ। ਉਨ੍ਹਾਂ ਨੇ ਆਪਣੇ ਖਰਚੇ ਤੇ, ਆਪਣੀ ਮਿਹਨਤ ਨਾਲ ਪੂਰੇ ਭਾਈਚਾਰੇ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਿਆ। ਜਿਵੇਂ ਖੇਡ ਮੈਦਾਨ ਸਾਨੂੰ ਜੋੜਦਾ ਹੈ, ਉਵੇਂ ਹੀ ਇਹ ਡਾਇਰੈਕਟਰੀ ਸਾਡੇ ਵਪਾਰਕ ਅਤੇ ਸਮਾਜਿਕ ਮੈਦਾਨ ਨੂੰ ਜੋੜਦੀ ਹੈ। ਗੀਤਕਾਰ *ਮਨਜੀਤ ਸਿੰਘ ਚਾਹਲ* ਅਤੇ *ਸਿਮਰਨ ਸਿੰਘ ਸਾਡਾ ਟੀਵੀ* ਨੇ ਵੀ ਇਸ ਨੂੰ ਡਿਜੀਟਲ ਯੁੱਗ ਵਿੱਚ ਹੋਰ ਅੱਗੇ ਲਿਜਾਣ ਦੀ ਗੱਲ ਕੀਤੀ। ਸਮਾਗਮ ਦੀ ਸ਼ਾਨ ਉਦੋਂ ਹੋਰ ਵਧ ਗਈ ਜਦੋਂ ਲੋਕ ਗਾਇਕ ਬਲਵੀਰ ਲਹਿਰਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੰਜਾਬ ਦੇ ਗੀਤ ਛੇੜੇ। ਲੱਗਿਆ ਜਿਵੇਂ ਸਿਆਟਲ ਨਹੀਂ, ਪੰਜਾਬ ਦਾ ਕੋਈ ਮੇਲਾ ਲੱਗਾ ਹੋਵੇ।ਅੰਤ ਵਿੱਚ ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਬਲਜੀਤ ਸਿੰਘ ਸੈਹਬੀ ਵਰਗੇ ਲੋਕ ਹੀ ਅਸਲ ਵਿੱਚ ਪਰਦੇਸ ਵਿੱਚ ਪੰਜਾਬ ਨੂੰ ਜਿਉਂਦਾ ਰੱਖਦੇ ਹਨ। ਇਹ ਡਾਇਰੈਕਟਰੀ ਇੱਕ ਕਿਤਾਬ ਨਹੀਂ, ਇਹ ਸਾਡੇ ਸਾਂਝੇ ਇਤਿਹਾਸ ਦੀ ਡਾਇਰੀ ਹੈ। ਪ੍ਰਮਾਤਮਾ ਕਰੇ ਇਹ 25 ਤੋਂ 50 ਅਤੇ 50 ਤੋਂ 100 ਸਾਲਾਂ ਤੱਕ ਇਵੇਂ ਹੀ ਸਾਡੀ ਸੇਵਾ ਕਰਦੀ ਰਹੇ। ਇਸ ਮੌਕੇ ਨਾਮੀ ਕਬੱਡੀ ਪ੍ਰਮੋਟਰ ਮਨਮੋਹਣ ਗਰੇਵਾਲ ਮੋਹਣਾ ਜੋਧਾ ਨੇ ਆਖਿਆ ਕਿ ਇਹ ਸਿਲਵਰ ਜੁਬਲੀ ਸਮਾਗਮ ਸਿਰਫ਼ ਜਸ਼ਨ ਨਹੀਂ, ਸਾਡੇ ਪੰਜਾਬੀ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਹਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਹਿਤਕਾਰ ਕਰਨੈਲ ਸਿੰਘ ਕੈਲ, ਕਰਨ ਸਿੱਧੂ, ਇੰਦਰਜੀਤ ਸਿੰਘ ਮਾਂਗਟ, ਵੀਰ ਜੀ ਪ੍ਰੀਤਮ ਸਿੰਘ ਗਰੇਵਾਲ, ਜਤਿੰਦਰ ਸਿੰਘ ਬਸਾਤੀ, ਕੁਲਵਿੰਦਰ ਸਿੰਘ ਬਸਤੀ, ਮਨਮੋਹਨ ਸਿੰਘ ਢਿੱਲੋਂ, ਜਤਿੰਦਰ ਸਿੰਘ ਸਪਰਾਏ, ਸੁਖਬੀਰ ਸਿੰਘ ਜੋਸਨ, ਦਿਲਬਾਗ ਸਿੰਘ ਪੰਨੂ (ਰਿਟਾ. ਐਸ.ਪੀ), ਪਰਮਜੀਤ ਸਿੰਘ ਮਠਾੜੂ, ਮੋਹਿੰਦਰ ਸਿੰਘ ਸੋਹਲ, ਡਾ. ਜਸਮੀਤ ਸਿੰਘ, ਸਤਿੰਦਰ ਕੌਰ ਚਾਵਲਾ, ਸਤਿੰਦਰ ਕੌਰ ਜੱਗੀ, ਸਤਿੰਦਰ ਕੌਰ ਕੌਂਸਲ ਪ੍ਰੈਜ਼ੀਡੈਂਟ ਕੈਂਟ ਸਿਟੀ , ਸੰਦੀਪ ਸਿੰਘ ,ਕੁਲਜੀਤ ਸਿੰਘ ਥਿੰਦ ਡਿਜਟਲ ਸਟੂਡੀਓ, ਗੁਰਦੀਪ ਸਿੰਘ ਸਿੱਧੂ ,ਹਰਪਾਲ ਸਿੰਘ ਸਿੱਧੂ, ਸੈਮ ਫਾਰ ਐਵਰ ਰੂਫਿੰਗ, ਸਤਨਾਮ ਸਿੰਘ ਗੋਲਡ ਇੰਡੀਆ ਕਰੀ ਪਲਾਜਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।




