ਜਲੰਧਰ ਅਤੇ ਮੁਹਾਲੀ ਕਰਨਗੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ, ਦਰਸ਼ਕਾਂ ਲਈ ਸਾਰੇ ਮੈਚਾਂ ਦਾ ਦਾਖਲਾ ਰਹੇਗਾ ਮੁਫ਼ਤ
ਪੰਜਾਬ ਨੂੰ 2026 ਪੁਰਸ਼ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਵੱਡਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਕਰਵਾਇਆ ਜਾਵੇਗਾ, ਜਿਸ ਦੇ ਮੈਚ ਜਲੰਧਰ ਅਤੇ ਮੁਹਾਲੀ ਵਿੱਚ ਖੇਡੇ ਜਾਣਗੇ।
ਹਾਕੀ ਇੰਡੀਆ ਨੇ ਇਸ ਟੂਰਨਾਮੈਂਟ ਦੇ ਪ੍ਰੋਗਰਾਮ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਵੇਗੀ। ਟੂਰਨਾਮੈਂਟ ਦਾ ਸਭ ਤੋਂ ਵੱਧ ਚਰਚਿਤ ਅਤੇ ਉਤਸੁਕਤਾ ਭਰਿਆ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ 1 ਨਵੰਬਰ ਨੂੰ ਜਲੰਧਰ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਪੰਜਾਬ ਦਿਵਸ ਦੇ ਜਸ਼ਨਾਂ ਮੌਕੇ ਹੋਣ ਕਾਰਨ ਖਾਸ ਮਹੱਤਵ ਰੱਖਦਾ ਹੈ।
ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਸਥਿਤ ਬਲਬੀਰ ਸਿੰਘ (ਸੀਨੀਅਰ) ਹਾਕੀ ਸਟੇਡੀਅਮ ਦਾ ਦੌਰਾ ਕਰਕੇ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਮੇਤ ਹੋਰ ਅਧਿਕਾਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ।
ਐਲਾਨੇ ਗਏ ਪ੍ਰੋਗਰਾਮ ਅਨੁਸਾਰ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਜਲੰਧਰ ਵਿੱਚ ਹੋਵੇਗਾ। ਲੀਗ ਪੜਾਅ ਦੇ ਮੈਚ ਜਲੰਧਰ ਵਿੱਚ ਕਰਵਾਏ ਜਾਣਗੇ, ਜਦੋਂ ਕਿ ਸੈਮੀਫਾਈਨਲ, ਫਾਈਨਲ ਅਤੇ ਸਮਾਪਤੀ ਸਮਾਗਮ ਸਮੇਤ ਨਾਕਆਉਟ ਮੁਕਾਬਲਿਆਂ ਦੀ ਮੇਜ਼ਬਾਨੀ ਮੁਹਾਲੀ ਵੱਲੋਂ ਕੀਤੀ ਜਾਵੇਗੀ। ਟੂਰਨਾਮੈਂਟ ਦਾ ਸਮਾਪਤੀ ਦਿਵਸ 5 ਨਵੰਬਰ ਨੂੰ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਨੇ ਟੂਰਨਾਮੈਂਟ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਵੱਲੋਂ ਵੀ ਇਸ ਸਬੰਧੀ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਦੋਪੱਖੀ ਲੜੀ ਨਹੀਂ, ਸਗੋਂ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਹੈ, ਜਿਸ ਕਾਰਨ ਪਾਕਿਸਤਾਨੀ ਟੀਮ ਦੀ ਯਾਤਰਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਭੋਲਾ ਨਾਥ ਨੇ ਕਿਹਾ ਕਿ ਰਾਸ਼ਟਰੀ ਹਾਕੀ ਫੈਡਰੇਸ਼ਨਾਂ ਅਤੇ ਭਾਰਤ ਵਿਚਕਾਰ ਚੰਗੇ ਸਬੰਧ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਵਿੱਚ ਵੀ ਆਪਸੀ ਸਾਂਝ ਵਧੀਆ ਹੈ, ਜਿਸ ਕਾਰਨ ਪਾਕਿਸਤਾਨੀ ਟੀਮ ਨੂੰ ਪੰਜਾਬ ਵਿੱਚ ਖੇਡਣ ਲਈ ਤਿਆਰ ਕਰਨ ਵਿੱਚ ਕੋਈ ਵੱਡੀ ਮੁਸ਼ਕਲ ਨਹੀਂ ਆਈ।
ਇਸ ਟੂਰਨਾਮੈਂਟ ਵਿੱਚ ਛੇ ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਜਪਾਨ, ਮਲੇਸ਼ੀਆ, ਚੀਨ ਅਤੇ ਕੋਰੀਆ ਸ਼ਾਮਲ ਹਨ। ਓਮਾਨ ਅਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਜਪਾਨ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਆਪਣੀ ਮਹਿਮਾਨਨਿਵਾਜ਼ੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਅਤੇ ਸਰਕਾਰ ਇਸ ਵੱਡੇ ਖੇਡ ਸਮਾਗਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਪੰਜਾਬ ਵਿੱਚ ਖੇਡਣ ਦਾ ਤਜ਼ਰਬਾ ਉਨ੍ਹਾਂ ਲਈ ਯਾਦਗਾਰ ਬਣੇ।
ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਟੂਰਨਾਮੈਂਟ ਦੇ ਲੋਗੋ ਤੋਂ ਵੀ ਪਰਦਾ ਹਟਾਇਆ, ਜਿਸ ਵਿੱਚ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਖਿਡਾਰੀ ਮਨਪ੍ਰੀਤ ਸਿੰਘ ਦੀ ਤਸਵੀਰ ਸ਼ਾਮਲ ਹੈ। ਇਸ ਮੌਕੇ ਇੱਕ ਹੋਰ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਜਲੰਧਰ ਅਤੇ ਮੁਹਾਲੀ ਦੋਵਾਂ ਥਾਵਾਂ ’ਤੇ ਹੋਣ ਵਾਲੇ ਮੈਚਾਂ ਨੂੰ ਦੇਖਣ ਲਈ ਦਰਸ਼ਕਾਂ ਤੋਂ ਕੋਈ ਦਾਖਲਾ ਫ਼ੀਸ ਨਹੀਂ ਲਈ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਦੋਵਾਂ ਸਟੇਡੀਅਮਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਕੰਮ ਜਾਰੀ ਹੈ ਅਤੇ ਇਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਸਟੇਡੀਅਮਾਂ ਵਿੱਚ ਵੱਡੀਆਂ ਸਕ੍ਰੀਨਾਂ, ਅੰਤਰਰਾਸ਼ਟਰੀ ਮਿਆਰ ਅਨੁਸਾਰ ਬੈਠਣ ਦੀ ਸਮਰੱਥਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਪੰਜਾਬ ਵਿੱਚ ਹੋਣ ਵਾਲਾ ਇਹ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਨਾ ਸਿਰਫ਼ ਖੇਡ ਪ੍ਰੇਮੀਆਂ ਲਈ ਵੱਡਾ ਤੋਹਫ਼ਾ ਹੋਵੇਗਾ, ਸਗੋਂ ਪੰਜਾਬ ਨੂੰ ਵਿਸ਼ਵ ਪੱਧਰ ਦੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਦਾ ਇੱਕ ਹੋਰ ਵੱਡਾ ਮੌਕਾ ਵੀ ਪ੍ਰਦਾਨ ਕਰੇਗਾ।
