175,000 ਵਰਗ ਫੁੱਟ ਦੇ ਕੇਂਦਰ ’ਚ ਹੋਵੇਗੀ ਲਾਇਬ੍ਰੇਰੀ, ਸਵੀਮਿੰਗ ਪੂਲ, ਜਿਮਨੇਜ਼ੀਅਮ, ਫਿਟਨੈੱਸ ਸੈਂਟਰ ਤੇ ਹੋਰ ਸਹੂਲਤਾਂ; 2030 ’ਚ ਖੁੱਲ੍ਹਣ ਦੀ ਉਮੀਦ
ਸਰੀ, ਬੀ.ਸੀ. (ਪ੍ਰਭਜੋਤ ਕਾਹਲੋਂ) ਸਰੀ ਦੇ ਨਿਊਟਨ ਇਲਾਕੇ ਵਿੱਚ ਨਵੇਂ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। 310.6 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸਰੀ ਸਿਟੀ ਦੇ ਇਤਿਹਾਸ ਵਿੱਚ ਕੀਤੇ ਜਾ ਰਹੇ ਵੱਡੇ ਪੂੰਜੀ ਨਿਵੇਸ਼ਾਂ ਵਿੱਚ ਸ਼ਾਮਲ ਹੈ। ਸਾਈਟ ’ਤੇ ਉਸਾਰੀ ਨਾਲ ਸਬੰਧਤ ਮੁੱਢਲਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਇਸ ਸਮੇਂ ਉਸਾਰੀ ਟੀਮਾਂ ਵੱਲੋਂ ਪਹਿਲਾਂ ਬੰਦ ਕੀਤੇ ਜਾ ਚੁੱਕੇ ਬੁਨਿਆਦੀ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਸਮਤਲ ਕਰਨ ਅਤੇ ਹੋਰ ਭੂ-ਤਕਨੀਕੀ ਜਾਂਚਾਂ ਦਾ ਕੰਮ ਕੀਤਾ ਜਾ ਰਿਹਾ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਨਵਾਂ ਕਮਿਊਨਿਟੀ ਸੈਂਟਰ ਨਿਊਟਨ ਲਈ ਇੱਕ ਵੱਡਾ ਬਦਲਾਅ ਲਿਆਵੇਗਾ। ਉਨ੍ਹਾਂ ਕਿਹਾ ਕਿ ਸਰੀ ਦੇ ਸਭ ਤੋਂ ਵੱਡੇ ਟਾਊਨ ਸੈਂਟਰ ਵਜੋਂ ਨਿਊਟਨ ਨੂੰ ਅਜਿਹੇ ਕਮਿਊਨਿਟੀ ਹੱਬ ਦੀ ਲੋੜ ਹੈ, ਜੋ ਇਲਾਕੇ ਦੇ ਆਕਾਰ, ਵਿਭਿੰਨਤਾ ਅਤੇ ਭਵਿੱਖੀ ਸਮਰੱਥਾ ਦੇ ਅਨੁਕੂਲ ਹੋਵੇ।
ਉਨ੍ਹਾਂ ਕਿਹਾ ਕਿ ਮਨੋਰੰਜਨ, ਸੱਭਿਆਚਾਰ ਅਤੇ ਲਾਇਬ੍ਰੇਰੀ ਸੇਵਾਵਾਂ ਨੂੰ ਇੱਕੋ ਛੱਤ ਹੇਠ ਲਿਆਉਣ ਨਾਲ ਨਿਵਾਸੀਆਂ ਲਈ ਮਿਲਣ-ਜੁਲਣ, ਸਿਹਤਮੰਦ ਜੀਵਨਸ਼ੈਲੀ ਅਤੇ ਕਮਿਊਨਿਟੀ ਨਾਲ ਜੁੜਨ ਲਈ ਨਵੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਕਿਹੜੀਆਂ ਹੋਣਗੀਆਂ ਸਹੂਲਤਾਂ?
ਮੁਕੰਮਲ ਹੋਣ ਤੋਂ ਬਾਅਦ ਲਗਭਗ 175,000 ਵਰਗ ਫੁੱਟ ਵਿੱਚ ਬਣਨ ਵਾਲੇ ਇਸ ਕਮਿਊਨਿਟੀ ਸੈਂਟਰ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ। ਇਨ੍ਹਾਂ ਵਿੱਚ 50 ਮੀਟਰ ਲੰਬਾ ਤੈਰਾਕੀ ਪੂਲ,ਮਨੋਰੰਜਨ ਪੂਲ, ਗਰਮ ਪਾਣੀ ਦਾ ਟੱਬ ਅਤੇ ਸੌਨਾ, ਦੋ ਜਿਮਨੇਜ਼ੀਅਮ, ਫਿਟਨੈੱਸ ਸੈਂਟਰ,ਬਹੁ-ਉਦੇਸ਼ੀ ਸਥਾਨ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਥਾਵਾਂ, ਬੱਚਿਆਂ ਦੀ ਦੇਖਭਾਲ ਲਈ ਸਹੂਲਤਾਂ, 40,000 ਵਰਗ ਫੁੱਟ ਦੀ ਨਵੀਂ ਲਾਇਬ੍ਰੇਰੀ ਸ਼ਾਮਲ ਹੋਣਗੇ। ਨਵੀਂ ਲਾਇਬ੍ਰੇਰੀ ਮੌਜੂਦਾ ਨਿਊਟਨ ਬ੍ਰਾਂਚ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਆਕਾਰ ਦੀ ਹੋਵੇਗੀ।
ਕਮਿਊਨਿਟੀ ਸੈਂਟਰ ਦੀ ਉਸਾਰੀ ਨਵੀਂ ਨਿਊਟਨ ਕਮਿਊਨਿਟੀ ਸੈਂਟਰ ਰੋਡ ਦੇ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਈ ਹੈ। ਇਹ ਸੜਕ ਕਿੰਗ ਜੌਰਜ ਬੁਲੇਵਾਰਡ ਤੋਂ ਆਉਣ ਵਾਲੇ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਨੂੰ ਭਵਿੱਖ ਦੇ ਕਮਿਊਨਿਟੀ ਸੈਂਟਰ ਤੱਕ ਸਿੱਧਾ ਰਸਤਾ ਪ੍ਰਦਾਨ ਕਰੇਗੀ। ਸੜਕ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਆਮ ਆਵਾਜਾਈ ਲਈ ਖੋਲ੍ਹੇ ਜਾਣ ਦੀ ਉਮੀਦ ਹੈ।
ਕਿੰਗ ਜੌਰਜ ਬੁਲੇਵਾਰਡ ਦੇ ਪੂਰਬੀ ਪਾਸੇ, ਨਿਊਟਨ ਸੀਨੀਅਰਜ਼ ਸੈਂਟਰ ਦੇ ਨਾਲ ਬਣਾਇਆ ਜਾ ਰਿਹਾ ਇਹ ਪ੍ਰੋਜੈਕਟ ਨਿਊਟਨ ਟਾਊਨ ਸੈਂਟਰ ਨੂੰ ਮੁੜ ਸੁਰਜੀਤ ਕਰਨ ਲਈ ਸਰੀ ਸਿਟੀ ਦੀ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਹੈ।
ਸਿਟੀ ਵੱਲੋਂ ਇਸ ਕਮਿਊਨਿਟੀ ਸੈਂਟਰ ਨੂੰ ਬਸੰਤ 2030 ਵਿੱਚ ਲੋਕਾਂ ਲਈ ਖੋਲ੍ਹੇ ਜਾਣ ਦੀ ਉਮੀਦ ਪ੍ਰਗਟਾਈ ਗਈ ਹੈ।




