HomePunjab Newsਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਤੇ ਹਮਲਿਆਂ ਦਾ ਸਿਲਸਿਲਾ ਜਾਰੀ

ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਤੇ ਹਮਲਿਆਂ ਦਾ ਸਿਲਸਿਲਾ ਜਾਰੀ

ਗੁਲਾਬ ਸਿੱਧੂ ਦੇ ਘਰ ਫਾਇਰਿੰਗ ਤੋਂ ਬਾਅਦ ਮੁੜ ਉੱਠੇ ਸੁਰੱਖਿਆ ਨੂੰ ਲੈ ਕੇ ਸਵਾਲ; ਪੰਜਾਬ ਤੋਂ ਕੈਨੇਡਾ ਤੱਕ ਕਈ ਕਲਾਕਾਰ ਬਣੇ ਨਿਸ਼ਾਨਾ

ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਲੰਘੀ ਸ਼ਨੀਵਾਰ ਅੱਧੀ ਰਾਤ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਗੁਲਾਬ ਸਿੱਧੂ ਦੇ ਘਰ ’ਤੇ ਹੋਈ ਫਾਇਰਿੰਗ ਦੀ ਘਟਨਾ ਨੇ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਮੁੜ ਵਧਾ ਦਿੱਤੀ ਹੈ। ਹਾਲਾਂਕਿ ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਈ ਪੰਜਾਬੀ ਕਲਾਕਾਰਾਂ ਨੂੰ ਹਮਲਿਆਂ, ਧਮਕੀਆਂ ਅਤੇ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।

ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦਾ ਸਿਲਸਿਲਾ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਇਸ ਤੋਂ ਪਹਿਲਾਂ ਸਾਲ 2018 ਵਿੱਚ ਮੁਹਾਲੀ ਵਿੱਚ ਗਾਇਕ ਪਰਮੀਸ਼ ਵਰਮਾ ’ਤੇ ਗੋਲੀ ਚਲਾਈ ਗਈ ਸੀ। ਇਸ ਤੋਂ ਚਾਰ ਸਾਲ ਬਾਅਦ ਮਈ 2022 ਵਿੱਚ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਗੰਭੀਰ ਕਰ ਦਿੱਤੀਆਂ ਸਨ।

ਇਹ ਖ਼ਤਰਾ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਿਹਾ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਕਲਾਕਾਰ ਵੀ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਗਾਇਕ ਕਰਨ ਔਜਲਾ ਦੇ ਘਰ ’ਤੇ ਕਈ ਵਾਰ ਹਮਲਾ ਹੋ ਚੁੱਕਾ ਹੈ। ਸਾਲ 2023 ਵਿੱਚ ਕੈਨੇਡਾ ਵਿੱਚ ਗਾਇਕ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ, ਜਦਕਿ 2024 ਵਿੱਚ ਗਾਇਕ ਏਪੀ ਢਿੱਲੋਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਹਾਲ ਹੀ ਵਿੱਚ ਕੈਨੇਡਾ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਨਾਲ ਸਬੰਧਤ ਇੱਕ ਵਾਹਨ ’ਤੇ ਵੀ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ’ਤੇ ਪਿਛਲੇ ਸਾਲ ਤਿੰਨ ਵੱਖ-ਵੱਖ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਸਨ। ਗਾਇਕ ਮਨਕੀਰਤ ਔਲਖ ਨੂੰ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਕ ਉੱਘੇ ਗਾਇਕ ਦੇ ਪਰਿਵਾਰਕ ਮੈਂਬਰ ਨੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਸਖ਼ਤ ਮਿਹਨਤ ਤੋਂ ਬਾਅਦ ਮਿਲੀ ਸ਼ੋਹਰਤ ਅਤੇ ਕਮਾਇਆ ਪੈਸਾ ਹੁਣ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ ਹੈ।

ਉੱਧਰ, ਗੁਲਾਬ ਸਿੱਧੂ ਦੇ ਘਰ ਹੋਈ ਫਾਇਰਿੰਗ ਤੋਂ ਤਿੰਨ ਦਿਨ ਬਾਅਦ ਵੀ ਬਰਨਾਲਾ ਪੁਲੀਸ ਵੱਲੋਂ ਮਾਮਲੇ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਮੁੱਖ ਗੇਟ ’ਤੇ ਛੇ ਰੌਂਦ ਫਾਇਰ ਕੀਤੇ ਜਾਣ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਚੁੱਕੀ ਹੈ।

ਇਸ ਮਾਮਲੇ ਵਿੱਚ ਭਗੌੜੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬੱਲ ਵੱਲੋਂ ਕਥਿਤ ਤੌਰ ’ਤੇ ਆਡੀਓ ਕਲਿੱਪਾਂ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਸਾਹਮਣੇ ਆਇਆ ਹੈ। ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਸਬੰਧੀ ਪੁਲੀਸ ਵੱਲੋਂ ਸਪੱਸ਼ਟ ਬਿਆਨ ਸਾਹਮਣੇ ਆਉਣਾ ਬਾਕੀ ਹੈ।

ਪੰਜਾਬੀ ਕਲਾਕਾਰਾਂ ਨਾਲ ਜੁੜੀਆਂ ਇਨ੍ਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਕਲਾਕਾਰਾਂ ਦੀ ਸੁਰੱਖਿਆ, ਧਮਕੀਆਂ ਦੀ ਜਾਂਚ ਅਤੇ ਅਪਰਾਧਿਕ ਗਿਰੋਹਾਂ ਵੱਲੋਂ ਕਥਿਤ ਤੌਰ ’ਤੇ ਬਣਾਏ ਜਾ ਰਹੇ ਦਬਾਅ ਦੇ ਮੁੱਦੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments