ਸੀਟ ਬਦਲਣ ਦਾ ਕਾਰਨ ਪੁੱਛਣ ’ਤੇ ਜਹਾਜ਼ ਤੋਂ ਉਤਾਰਨ ਦੀ ਧਮਕੀ ਦੇਣ ਦਾ ਦੋਸ਼; ਮਾਮਲਾ ਭਖਣ ਮਗਰੋਂ ਏਅਰਲਾਈਨ ਨੇ ਗਿੱਪੀ ਗਰੇਵਾਲ ਤੋਂ ਮੰਗੀ ਮੁਆਫ਼ੀ
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਉਡਾਣ ਦੌਰਾਨ ਆਪਣੇ ਨਾਲ ਕਥਿਤ ਤੌਰ ’ਤੇ ਹੋਏ ਮਾੜੇ ਵਤੀਰੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਏਅਰਲਾਈਨ ਦੇ ਅਮਲੇ ’ਤੇ ਗੰਭੀਰ ਦੋਸ਼ ਲਗਾਏ ਹਨ।
ਗਿੱਪੀ ਗਰੇਵਾਲ ਮੁਤਾਬਕ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੂਰੀ ਫ਼ੀਸ ਅਦਾ ਕੀਤੀ ਸੀ, ਪਰ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕੋਨੋਮੀ ਕਲਾਸ ਵਿੱਚ ਬਿਠਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਏਅਰਲਾਈਨ ਦੇ ਸਟਾਫ਼ ਨਾਲ ਗੱਲ ਕੀਤੀ ਅਤੇ ਆਪਣੀ ਬੁੱਕ ਕੀਤੀ ਸੀਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।
ਗਾਇਕ ਨੇ ਦੋਸ਼ ਲਾਇਆ ਕਿ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਅਮਲੇ ਵੱਲੋਂ ਉਨ੍ਹਾਂ ਨਾਲ ਰੁੱਖਾ ਵਤੀਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਹੁਣ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ। ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤ ਜਾਂ ਵਿਸ਼ੇਸ਼ ਵਿਹਾਰ ਨਹੀਂ ਮੰਗ ਰਹੇ ਸਨ, ਸਗੋਂ ਸਿਰਫ਼ ਉਹੀ ਬਿਜ਼ਨਸ ਕਲਾਸ ਸੀਟ ਮੰਗ ਰਹੇ ਸਨ, ਜਿਸ ਲਈ ਉਨ੍ਹਾਂ ਨੇ ਪੂਰੀ ਰਕਮ ਅਦਾ ਕੀਤੀ ਸੀ।
ਵਿਰੋਧ ਕਰਨ ’ਤੇ ਜਹਾਜ਼ ਤੋਂ ਉਤਾਰਨ ਦੀ ਧਮਕੀ ਦੇਣ ਦਾ ਦੋਸ਼
ਗਿੱਪੀ ਗਰੇਵਾਲ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੀਟ ਬਦਲੇ ਜਾਣ ਦਾ ਕਾਰਨ ਜਾਣਨ ਲਈ ਲਗਾਤਾਰ ਸਵਾਲ ਕੀਤੇ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਫਲਾਈਟ ਲੈਣ ਜਾਂ ਜਹਾਜ਼ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਵਾਲ ਪੁੱਛਦੇ ਰਹਿਣ ’ਤੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਦਿੱਤੀ ਗਈ।
ਗਿੱਪੀ ਗਰੇਵਾਲ ਮੁਤਾਬਕ ਪੂਰੇ ਘਟਨਾਕ੍ਰਮ ਦੌਰਾਨ ਏਅਰਲਾਈਨ ਦੇ ਅਮਲੇ ਵੱਲੋਂ ਉਨ੍ਹਾਂ ਤੋਂ ਮੁਆਫ਼ੀ ਵੀ ਨਹੀਂ ਮੰਗੀ ਗਈ। ਉਨ੍ਹਾਂ ਇਸ ਤਜਰਬੇ ਨੂੰ ਨਿਰਾਸ਼ਾਜਨਕ ਦੱਸਦਿਆਂ ਏਅਰਲਾਈਨ ਦੇ ਰਵੱਈਏ ’ਤੇ ਸਵਾਲ ਉਠਾਏ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟੋਰਾਂਟੋ ਤੋਂ ਨਿਊਯਾਰਕ ਜਾਣ ਵਾਲੀ ਏਅਰ ਕੈਨੇਡਾ ਦੀ ਉਡਾਣ ਏਸੀ1504 ਦੌਰਾਨ ਵਾਪਰੀ। ਹਾਲਾਂਕਿ, ਬਿਜ਼ਨਸ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਗਿੱਪੀ ਗਰੇਵਾਲ ਨੂੰ ਇਕੋਨੋਮੀ ਕਲਾਸ ਵਿੱਚ ਕਿਉਂ ਬਿਠਾਇਆ ਗਿਆ, ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।
ਮਾਮਲਾ ਭਖਣ ਮਗਰੋਂ ਏਅਰ ਕੈਨੇਡਾ ਨੇ ਮੰਗੀ ਮੁਆਫ਼ੀ
ਗਿੱਪੀ ਗਰੇਵਾਲ ਦੀ ਪੋਸਟ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆਉਣ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ’ਤੇ ਪ੍ਰਤੀਕਿਰਿਆ ਦਿੱਤੀ। ਏਅਰਲਾਈਨ ਨੇ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਗਿੱਪੀ ਗਰੇਵਾਲ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਲਈ ਆਪਣੀ ਬੁਕਿੰਗ ਸਬੰਧੀ ਜਾਣਕਾਰੀ ਅਤੇ ਹੋਰ ਵੇਰਵੇ ਨਿੱਜੀ ਸੁਨੇਹੇ ਰਾਹੀਂ ਭੇਜਣ ਲਈ ਕਿਹਾ।
ਏਅਰ ਕੈਨੇਡਾ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਏਅਰਲਾਈਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਬਿਜ਼ਨਸ ਕਲਾਸ ਦੀ ਟਿਕਟ ਬੁੱਕ ਹੋਣ ਦੇ ਬਾਵਜੂਦ ਗਿੱਪੀ ਗਰੇਵਾਲ ਨੂੰ ਇਕੋਨੋਮੀ ਕਲਾਸ ਵਿੱਚ ਕਿਉਂ ਬਿਠਾਇਆ ਗਿਆ ਅਤੇ ਉਨ੍ਹਾਂ ਵੱਲੋਂ ਦੱਸੇ ਗਏ ਵਿਹਾਰ ਸਬੰਧੀ ਅਸਲ ਸਥਿਤੀ ਕੀ ਸੀ।
ਇਸ ਮਾਮਲੇ ਨੂੰ ਲੈ ਕੇ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਏਅਰਲਾਈਨ ਦੀ ਕਾਰਵਾਈ ਅਤੇ ਜਾਂਚ ਦੇ ਨਤੀਜੇ ’ਤੇ ਹੁਣ ਨਜ਼ਰ ਰਹੇਗੀ।
